ਦਿੱਲੀ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਅੱਜ PM ਮੋਦੀ ਨਾਲ ਹੋਵੇਗੀ ਅਹਿਮ ਮੁਲਾਕਾਤ

ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਕੜਵਾਹਟ ਨੂੰ ਦੂਰ ਕਰਨ ਲਈ ਇੱਕ ਵੱਡੀ ਪਹਿਲ ਹੋਣ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਤਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਪਹੁੰਚ ਗਏ ਹਨ, ਜਿੱਥੇ ਅੱਜ (ਸੋਮਵਾਰ) ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਇਸ ਦੌਰੇ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮੁੜ ਲੀਹ ‘ਤੇ ਲਿਆਉਣਾ ਅਤੇ ਤਕਨਾਲੋਜੀ, ਵਪਾਰ ਤੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣਾ ਹੈ।

$2 ਬਿਲੀਅਨ ਦਾ ਯੂਰੇਨੀਅਮ ਸਮਝੌਤਾ ਅਤੇ ਹੋਰ ਅਹਿਮ ਡੀਲਜ਼
ਸੂਤਰਾਂ ਮੁਤਾਬਕ, ਇਸ ਮੁਲਾਕਾਤ ਦੌਰਾਨ ਦੋਵੇਂ ਆਗੂ 10 ਸਾਲਾਂ ਲਈ 2 ਬਿਲੀਅਨ ਅਮਰੀਕੀ ਡਾਲਰ ਦੇ ਯੂਰੇਨੀਅਮ ਸਪਲਾਈ ਸਮਝੌਤੇ ‘ਤੇ ਦਸਤਖਤ ਕਰ ਸਕਦੇ ਹਨ। ਇਸ ਤੋਂ ਇਲਾਵਾ ਤੇਲ ਅਤੇ ਗੈਸ, ਵਾਤਾਵਰਣ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੁਆਂਟਮ ਕੰਪਿਊਟਿੰਗ, ਸਿੱਖਿਆ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿੱਚ ਵੀ ਕਈ ਅਹਿਮ ਸਮਝੌਤੇ ਹੋਣ ਦੀ ਉਮੀਦ ਹੈ।

ਮੁੰਬਈ ਦੇ ਦੌਰੇ ਤੋਂ ਬਾਅਦ ਦਿੱਲੀ ਪਹੁੰਚੇ ਕਾਰਨੀ
ਦਿੱਲੀ ਆਉਣ ਤੋਂ ਪਹਿਲਾਂ ਮਾਰਕ ਕਾਰਨੀ ਦੋ ਦਿਨਾਂ ਲਈ ਮੁੰਬਈ ਵਿੱਚ ਸਨ, ਜਿੱਥੇ ਉਨ੍ਹਾਂ ਨੇ ਭਾਰਤ ਦੇ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਲਿਖਿਆ:

“ਭਾਰਤ ਵਿੱਚ ਊਰਜਾ, ਤਕਨਾਲੋਜੀ ਅਤੇ ਸੇਵਾਵਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ — ਕੈਨੇਡਾ ਕੋਲ ਇਹ ਸਭ ਕੁਝ ਮੌਜੂਦ ਹੈ। ਅਸੀਂ ਇੱਥੇ ਇਹ ਯਕੀਨੀ ਬਣਾਉਣ ਲਈ ਆਏ ਹਾਂ ਕਿ ਸਾਡੇ ਕਰਮਚਾਰੀ ਅਤੇ ਕਾਰੋਬਾਰੀ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾ ਸਕਣ।”

ਸਬੰਧਾਂ ਵਿੱਚ ਸੁਧਾਰ ਦੀ ਕੋਸ਼ਿਸ਼
ਇਹ ਦੌਰਾ ਭਾਰਤ-ਕੈਨੇਡਾ ਸਬੰਧਾਂ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਲਗਭਗ ਢਾਈ ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਇਲਜ਼ਾਮਾਂ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਸਨ, ਜਿਨ੍ਹਾਂ ਨੂੰ ਭਾਰਤ ਨੇ ‘ਬੇਬੁਨਿਆਦ’ ਦੱਸ ਕੇ ਰੱਦ ਕਰ ਦਿੱਤਾ ਸੀ। ਹੁਣ ਮਾਰਕ ਕਾਰਨੀ ਦੀ ਅਗਵਾਈ ਵਿੱਚ ਦੋਵੇਂ ਦੇਸ਼ ਨਵੀਂ ਸ਼ੁਰੂਆਤ ਕਰਨ ਵੱਲ ਵਧ ਰਹੇ ਹਨ।

ਵਪਾਰਕ ਦਿੱਗਜਾਂ ਨਾਲ ਮੁਲਾਕਾਤ
ਮੁੰਬਈ ਵਿੱਚ ਕਾਰਨੀ ਨੇ ਟਾਟਾ ਗਰੁੱਪ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਤਕਨਾਲੋਜੀ ਅਤੇ AI ਦੇ ਖੇਤਰ ਵਿੱਚ ਸਾਂਝੇਦਾਰੀ ਰਾਹੀਂ ਆਰਥਿਕ ਸੁਰੱਖਿਆ ਅਤੇ ਖੁਸ਼ਹਾਲੀ ਲਿਆਉਣ ਬਾਰੇ ਵਿਸਥਾਰ ਨਾਲ ਚਰਚਾ ਹੋਈ