ਈਰਾਨ-ਅਮਰੀਕਾ ਗੱਲਬਾਤ ਦੀ ਸੰਭਾਵਨਾ, ਰਾਸ਼ਟਰਪਤੀ ਟਰੰਪ ਹੋਏ ਸਹਿਮਤ

ਮਸਕਟ : ਮੱਧ ਪੂਰਬ ਵਿੱਚ ਵਧਦੇ ਫੌਜੀ ਤਣਾਅ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ। ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੂਸੈਦੀ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਮੁੜ ਗੱਲਬਾਤ ਸ਼ੁਰੂ ਕਰਨ ਲਈ ਵਿਚੋਲਗੀ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਈਰਾਨ ਦੀ ਨਵੀਂ ਲੀਡਰਸ਼ਿਪ ਨਾਲ ਗੱਲ ਕਰਨ ਲਈ ਤਿਆਰ ਹਨ

ਓਮਾਨ ਦੀ ਅਹਿਮ ਭੂਮਿਕਾ ਅਤੇ ਜੰਗਬੰਦੀ ਦੀ ਅਪੀਲ
ਓਮਾਨ, ਜੋ ਲੰਬੇ ਸਮੇਂ ਤੋਂ ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਨਿਰਪੱਖ ਕੜੀ ਵਜੋਂ ਕੰਮ ਕਰ ਰਿਹਾ ਹੈ, ਨੇ ਐਤਵਾਰ ਨੂੰ ਦੋਵਾਂ ਧਿਰਾਂ ਨੂੰ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ।

ਓਮਾਨ ਦੇ ਵਿਦੇਸ਼ ਮੰਤਰੀ ਨੇ ਆਪਣੇ ਈਰਾਨੀ ਹਮਰੁਤਬਾ ਅੱਬਾਸ ਅਰਾਘਚੀ ਨਾਲ ਫੋਨ ‘ਤੇ ਗੱਲਬਾਤ ਕੀਤੀ। ਈਰਾਨ ਨੇ ਸੰਕੇਤ ਦਿੱਤਾ ਹੈ ਕਿ ਉਹ ਤਣਾਅ ਘਟਾਉਣ ਅਤੇ ਸਥਿਰਤਾ ਵੱਲ ਮੁੜਨ ਲਈ ‘ਗੰਭੀਰ ਯਤਨਾਂ’ ਲਈ ਤਿਆਰ ਹੈ। ਅਲਬੂਸੈਦੀ ਨੇ ਕਿਹਾ ਕਿ ਓਮਾਨ ਦਾ ਉਦੇਸ਼ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਜਿੱਥੇ ਸਾਰੀਆਂ ਧਿਰਾਂ ਦੀਆਂ ਜਾਇਜ਼ ਮੰਗਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕੇ

ਡੋਨਾਲਡ ਟਰੰਪ ਦਾ ਵੱਡਾ ਬਿਆਨ
ਫਲੋਰੀਡਾ ਵਿੱਚ ‘ਦ ਅਟਲਾਂਟਿਕ’ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ:

“ਉਹ (ਈਰਾਨ) ਗੱਲ ਕਰਨਾ ਚਾਹੁੰਦੇ ਹਨ, ਅਤੇ ਮੈਂ ਸਹਿਮਤ ਹੋ ਗਿਆ ਹਾਂ। ਉਨ੍ਹਾਂ ਨੂੰ ਇਹ ਕੰਮ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ। ਉਨ੍ਹਾਂ ਨੇ ਬਹੁਤ ਲੰਬਾ ਇੰਤਜ਼ਾਰ ਕੀਤਾ ਹੈ।”

ਹਾਲਾਂਕਿ, ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਗੱਲਬਾਤ ਕਿਸ ਪੱਧਰ ‘ਤੇ ਹੋਵੇਗੀ ਜਾਂ ਕਿਸ ਦਿਨ ਸ਼ੁਰੂ ਹੋਵੇਗੀ।