ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਸੀ ਵਾਲੰਟੀਅਰਾਂ ਨਾਲ ਕੀਤੀ ਮੀਟਿੰਗ, ਨਸ਼ਿਆਂ ਵਿਰੁੱਧ ਜੰਗ ਦੀ ਕੀਤੀ ਸਮੀਖਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਲਾਂਪੁਰ ਨੇੜੇ ਇਕ ਨਿੱਜੀ ਪੈਲੇਸ ਵਿਚ ਵਿਲੇਜ ਡਿਫੈਂਸ ਕਮੇਟੀ (ਵੀਡੀਸੀ) ਦੇ ਵਾਲੰਟੀਅਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸੂਬੇ ਵਿਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਵਾਲੰਟੀਅਰਾਂ ਦੀ ਸ਼ਾਨਦਾਰ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀ ਇਹ ਮੁਹਿੰਮ 500 ਤੋਂ ਵੱਧ ਦਿਨਾਂ ਦੇ ਸਫ਼ਰ ਦੌਰਾਨ ਬੇਹੱਦ ਸਫ਼ਲ ਰਹੀ ਹੈ। ਪੁਲਿਸ ਅਤੇ ਵੀਡੀਸੀ ਵਾਲੰਟੀਅਰਾਂ ਦੇ ਸਹਿਯੋਗ ਨਾਲ 70 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੋਕਾਂ ਅਤੇ ਪੁਲਿਸ ਦੇ ਸਾਂਝੇ ਯਤਨਾਂ ਨਾਲ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰੀ ਗਈ ਹੈ।

‘ਉੜਤਾ ਪੰਜਾਬ’ ਤੋਂ ‘ਪੜ੍ਹਦਾ ਤੇ ਤੰਦਰੁਸਤ ਪੰਜਾਬ’ ਵੱਲ ਸਫ਼ਰ

ਭਗਵੰਤ ਮਾਨ ਨੇ ਕਿਹਾ ਕਿ ਕਿਸੇ ਸਮੇਂ ਪੰਜਾਬ ਨੂੰ ਉੜਤਾ ਪੰਜਾਬ” ਕਹਿ ਕੇ ਬਦਨਾਮ ਕੀਤਾ ਜਾਂਦਾ ਸੀ, ਪਰ ਹੁਣ ਸੂਬਾ ਪੜ੍ਹਦਾ ਤੇ ਤੰਦਰੁਸਤ ਪੰਜਾਬ” ਵਜੋਂ ਆਪਣੀ ਨਵੀਂ ਪਛਾਣ ਸਥਾਪਤ ਕਰ ਰਿਹਾ ਹੈ।

ਮੁਕੰਮਲ ਖ਼ਾਤਮੇ ਦਾ ਅਹਿਦ

ਮੁੱਖ ਮੰਤਰੀ ਨੇ ਵੀਡੀਸੀ ਵਾਲੰਟੀਅਰਾਂ ਨੂੰ ਲੋਕ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਤੱਕ ਸਰਕਾਰ ਦੀ ਇਹ ਜੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਅਨੁਸਾਰ ਸਮਾਜ ਦੇ ਹਰ ਵਰਗ ਦੀ ਸਰਗਰਮ ਭਾਗੀਦਾਰੀ ਨਾਲ ਹੀ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਇਆ ਜਾ ਸਕਦਾ ਹੈ।