ਇਰਾਨ ਨੇ ਬੰਦ ਕੀਤਾ ਦੁਨੀਆ ਦਾ ਸਭ ਤੋਂ ਅਹਿਮ ਸਮੁੰਦਰੀ ਰਸਤਾ, ਭਾਰਤ ਸਣੇ ਪੂਰੀ ਦੁਨੀਆ ‘ਤੇ ਮੰਡਰਾਇਆ ਆਰਥਿਕ ਖ਼ਤਰਾ

ਤੇਹਰਾਨ : ਪੱਛਮੀ ਏਸ਼ੀਆ ਵਿੱਚ ਜੰਗ ਨੇ ਉਸ ਸਮੇਂ ਖ਼ਤਰਨਾਕ ਮੋੜ ਲੈ ਲਿਆ ਜਦੋਂ ਇਰਾਨ ਨੇ ਵਿਸ਼ਵ ਵਪਾਰ ਲਈ ਸਭ ਤੋਂ ਸੰਵੇਦਨਸ਼ੀਲ ‘ਹੋਰਮੁਜ਼ ਜਲਡਮਰੂ’ (Strait of Hormuz) ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਰਾਨੀ ਸੁਪਰੀਮ ਲੀਡਰ ਆਇਤੁੱਲਾ ਖਾਮੇਨੇਈ ਦੀ ਮੌਤ ਤੋਂ ਬਾਅਦ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਇਰਾਨ ਦਾ ਇਹ ਕਦਮ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਤੇ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।

ਕੀ ਹੈ ‘ਹੋਰਮੁਜ਼ ਜਲਡਮਰੂ’ ਅਤੇ ਇਹ ਕਿਉਂ ਹੈ ਖ਼ਾਸ?
ਹੋਰਮੁਜ਼ ਜਲਡਮਰੂ ਫਾਰਸ ਦੀ ਖਾੜੀ ਦੇ ਪ੍ਰਵੇਸ਼ ਦੁਆਰ ‘ਤੇ ਸਥਿਤ ਇੱਕ ਤੰਗ ਸਮੁੰਦਰੀ ਰਸਤਾ ਹੈ।

ਇਹ ਉੱਤਰ ਵਿੱਚ ਇਰਾਨ ਅਤੇ ਦੱਖਣ ਵਿੱਚ ਸੰਯੁਕਤ ਅਰਬ ਅਮੀਰਾਤ (UAE) ਤੇ ਓਮਾਨ ਦੇ ਵਿਚਕਾਰ ਸਥਿਤ ਹੈ। ਦੁਨੀਆ ਦੇ ਕੁੱਲ ਸਮੁੰਦਰੀ ਤੇਲ ਵਪਾਰ ਦਾ ਲਗਭਗ 20-25% ਹਿੱਸਾ ਇਕੱਲੇ ਇਸ ਰਸਤੇ ਤੋਂ ਗੁਜ਼ਰਦਾ ਹੈ। ਇਹ ਲਗਭਗ 161 ਕਿਲੋਮੀਟਰ ਲੰਬਾ ਹੈ, ਪਰ ਇਸ ਦਾ ਸਭ ਤੋਂ ਤੰਗ ਹਿੱਸਾ ਸਿਰਫ਼ 34 ਕਿਲੋਮੀਟਰ (21 ਮੀਲ) ਚੌੜਾ ਹੈ।

ਦੁਨੀਆ ‘ਤੇ ਕੀ ਹੋਵੇਗਾ ਅਸਰ?
ਮਾਹਿਰਾਂ ਅਨੁਸਾਰ, ਜੇਕਰ ਇਹ ਰਸਤਾ ਲੰਬੇ ਸਮੇਂ ਤੱਕ ਬੰਦ ਰਹਿੰਦਾ ਹੈ, ਤਾਂ:

ਤੇਲ ਦੀਆਂ ਕੀਮਤਾਂ ਵਿੱਚ ਉਛਾਲ: ਕੱਚੇ ਤੇਲ ਦੀ ਕੀਮਤ 120 ਤੋਂ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਮੁੰਦਰੀ ਜਹਾਜ਼ਾਂ ਦਾ ਬੀਮਾ ਅਤੇ ਕਿਰਾਇਆ ਵਧਣ ਨਾਲ ਦੁਨੀਆ ਭਰ ਵਿੱਚ ਵਸਤੂਆਂ ਦੀਆਂ ਕੀਮਤਾਂ ਵਧਣਗੀਆਂ। ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਆਪਣੀ ਊਰਜਾ ਲੋੜਾਂ ਲਈ ਪੂਰੀ ਤਰ੍ਹਾਂ ਇਸ ਮਾਰਗ ‘ਤੇ ਨਿਰਭਰ ਹਨ।

ਭਾਰਤ ਲਈ ਚੁਣੌਤੀਆਂ ਅਤੇ ਪ੍ਰਭਾਵ
ਭਾਰਤ ਆਪਣੀ ਲੋੜ ਦਾ ਲਗਭਗ 50% ਕੱਚਾ ਤੇਲ ਇਸੇ ਰਸਤੇ ਰਾਹੀਂ ਆਯਾਤ ਕਰਦਾ ਹੈ।

ਆਰਥਿਕ ਬੋਝ: ਤੇਲ ਦੀ ਕੀਮਤ ਵਿੱਚ 1 ਡਾਲਰ ਦੇ ਵਾਧੇ ਨਾਲ ਭਾਰਤ ਦਾ ਸਾਲਾਨਾ ਖਰਚਾ 2 ਅਰਬ ਡਾਲਰ ਵਧ ਜਾਂਦਾ ਹੈ। ਜੇਕਰ ਕੀਮਤਾਂ 25% ਵਧਦੀਆਂ ਹਨ, ਤਾਂ ਭਾਰਤ ‘ਤੇ 15 ਅਰਬ ਡਾਲਰ ਦਾ ਵਾਧੂ ਬੋਝ ਪਵੇਗਾ। ਡੀਜ਼ਲ-ਪੈਟਰੋਲ ਮਹਿੰਗਾ ਹੋਣ ਨਾਲ ਭਾਰਤ ਵਿੱਚ ਮਹਿੰਗਾਈ ਦਰ 0.7% ਤੱਕ ਵਧ ਸਕਦੀ ਹੈ। ਐਵੀਏਸ਼ਨ, ਆਟੋਮੋਬਾਈਲ ਅਤੇ ਪੇਂਟ ਉਦਯੋਗਾਂ ਦੀ ਲਾਗਤ ਵਧੇਗੀ।

ਕੀ ਭਾਰਤ ਕੋਲ ਕੋਈ ਬਦਲ ਹੈ?
ਭਾਰਤ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕੁਝ ਤਿਆਰੀਆਂ ਕੀਤੀਆਂ ਹੋਈਆਂ ਹਨ:

ਤੇਲ ਭੰਡਾਰ (Strategic Reserves): ਭਾਰਤ ਕੋਲ 9 ਤੋਂ 15 ਦਿਨਾਂ ਦਾ ਐਮਰਜੈਂਸੀ ਤੇਲ ਭੰਡਾਰ ਮੌਜੂਦ ਹੈ। ਭਾਰਤ ਤੁਰੰਤ ਰੂਸੀ ਤੇਲ ਦੀ ਖਰੀਦ ਵਧਾ ਸਕਦਾ ਹੈ, ਜੋ ਅਰਬ ਸਾਗਰ ਵਿੱਚ ਜਹਾਜ਼ਾਂ ਵਿੱਚ ਉਪਲਬਧ ਰਹਿੰਦਾ ਹੈ।

ਭਾਰਤ ਅਮਰੀਕਾ, ਪੱਛਮੀ ਅਫਰੀਕਾ ਅਤੇ ਲਾਤੀਨੀ ਅਮਰੀਕਾ ਤੋਂ ਤੇਲ ਮੰਗਵਾ ਸਕਦਾ ਹੈ, ਹਾਲਾਂਕਿ ਉੱਥੋਂ ਤੇਲ ਆਉਣ ਵਿੱਚ 25-45 ਦਿਨ ਲੱਗਣਗੇ (ਖਾੜੀ ਦੇਸ਼ਾਂ ਤੋਂ ਸਿਰਫ਼ 5-7 ਦਿਨ ਲੱਗਦੇ ਹਨ)

ਹੋਰਮੁਜ਼ ਦੀ ਨਾਕਾਬੰਦੀ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਸਗੋਂ ਇੱਕ ਆਰਥਿਕ ਹਥਿਆਰ ਹੈ। ਜੇਕਰ ਇਹ ਸੰਘਰਸ਼ ਜਲਦੀ ਨਾ ਰੁਕਿਆ, ਤਾਂ ਪੂਰੀ ਦੁਨੀਆ ਨੂੰ ਇੱਕ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ