ਫਗਵਾੜਾ ਵਿੱਚ ਚੱਲੀ ਗੋਲੀ, ਡੀ.ਐਸ.ਪੀ. ਦੀ ਮੌਤ

ਫਗਵਾੜਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਕੁਆਰਟਰਾਂ ਵਿੱਚ ਆਪਣਾ ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਇੱਕ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਦੀ ਮੌਤ ਹੋ ਗਈ।

ਮ੍ਰਿਤਕ ਅਧਿਕਾਰੀ ਦੀ ਪਛਾਣ 55 ਸਾਲਾ ਯੋਗੇਸ਼ ਸ਼ਰਮਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7:30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ, ਤਾਂ ਅਚਾਨਕ ਗੋਲੀ ਚੱਲ ਗਈ ਜੋ ਉਨ੍ਹਾਂ ਦੀ ਛਾਤੀ ਵਿੱਚ ਜਾ ਲੱਗੀ। ਇਸ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ।

ਹਾਲ ਹੀ ਵਿੱਚ ਹੋਈ ਸੀ ਬਦਲੀ

ਡੀ.ਐਸ.ਪੀ. ਯੋਗੇਸ਼ ਸ਼ਰਮਾ ਪਹਿਲਾਂ ਐਂਟੀ-ਨਾਰਕੋਟਿਕਸ ਟਾਸਕ ਫੋਰਸ ਵਿੱਚ ਤਾਇਨਾਤ ਸਨ। ਮਹਿਜ਼ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦਾ ਤਬਾਦਲਾ ਬਿਊਰੋ ਆਫ਼ ਇਨਵੈਸਟੀਗੇਸ਼ਨ, ਚੰਡੀਗੜ੍ਹ ਵਿਖੇ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਉਨ੍ਹਾਂ ਨੇ ਆਪਣਾ ਸਰਵਿਸ ਰਿਵਾਲਵਰ ਜਮ੍ਹਾਂ ਕਰਵਾਉਣਾ ਸੀ, ਜਿਸ ਕਾਰਨ ਉਹ ਸਵੇਰੇ ਉਸ ਦੀ ਸਫ਼ਾਈ ਕਰ ਰਹੇ ਸਨ।

ਪੁਲਿਸ ਦੀ ਕਾਰਵਾਈ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਸ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।