ਮਨੋਰੰਜਨ ਜਗਤ ਨੂੰ ਵੱਡਾ ਘਾਟਾ: ਮਸ਼ਹੂਰ ਕਾਮੇਡੀਅਨ ਦਾ ਹੋਇਆ ਦੇਹਾਂਤ

ਕਾਮੇਡੀ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਾਮੇਡੀਅਨ ਰਾਜ ਸ਼ਰਮਾ ਹੁਣ ਸਾਡੇ ਵਿੱਚ ਨਹੀਂ ਰਹੇ। ਸ਼ੁੱਕਰਵਾਰ ਸਵੇਰੇ 50 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਫਿਲਮੀ ਜਗਤ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਰਾਜ ਸ਼ਰਮਾ ਅਕਸਰ ਜਿਨ੍ਹਾਂ ਕਾਮੇਡੀ ਕਲੱਬਾਂ ਵਿੱਚ ਪਰਫਾਰਮ ਕਰਦੇ ਸਨ, ਉਨ੍ਹਾਂ ਵਿੱਚੋਂ ਹੀ ਇੱਕ ਨੇ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਵੀਰ ਦਾਸ ਵੱਲੋਂ ਭਾਵੁਕ ਸ਼ਰਧਾਂਜਲੀ

ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਵੀਰ ਦਾਸ ਨੇ ਰਾਜ ਸ਼ਰਮਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਵੀਰ ਨੇ ਰਾਜ ਸ਼ਰਮਾ ਨੂੰ ਯਾਦ ਕੀਤਾ। ਵੀਰ ਦਾਸ ਨੇ ਦੱਸਿਆ ਕਿ ਰਾਜ ਨੇ ਨਾ ਸਿਰਫ਼ ਉਨ੍ਹਾਂ ਦੇ ਕਰੀਅਰ ਵਿੱਚ ਮਦਦ ਕੀਤੀ, ਸਗੋਂ ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹਿਤ ਵੀ ਕੀਤਾ।

ਕਰੀਅਰ ਵਿੱਚ ਨਿਭਾਈ ਅਹਿਮ ਭੂਮਿਕਾ

ਵੀਰ ਦਾਸ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਰਾਜ ਸ਼ਰਮਾ ਨੇ ਹੀ ਉਨ੍ਹਾਂ ਨੂੰ ਅਮਰੀਕਾ ਦੇ ਮਸ਼ਹੂਰ ‘ਲਾਫ ਫੈਕਟਰੀ’ ਵਿੱਚ ਪਹਿਲਾ ਮੌਕਾ (ਬ੍ਰੇਕ) ਦਿਵਾਇਆ ਸੀ। ਰਾਜ ਨੇ ਹੀ ਵੀਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਕਾਮੇਡੀ ਕਰਨ ਦੇ ਕਾਬਲ ਹਨ। ਵੀਰ ਨੇ ਰਾਜ ਨੂੰ ਇੱਕ ਸ਼ਾਨਦਾਰ ਕਾਮੇਡੀਅਨ ਅਤੇ ਵੱਡੇ ਦਿਲ ਵਾਲਾ ਇਨਸਾਨ ਦੱਸਿਆ।

ਦੋਸਤੀ ਅਤੇ ਸਤਿਕਾਰ

ਵੀਰ ਦਾਸ ਨੇ ਦੱਸਿਆ ਕਿ ਉਹ ਹਮੇਸ਼ਾ ਰਾਜ ਦੇ ਅਹਿਸਾਨਮੰਦ ਰਹਿਣਗੇ। ਉਨ੍ਹਾਂ ਨੇ ਰਾਜ ਸ਼ਰਮਾ ਨਾਲ ਆਪਣੀ ਦੋਸਤੀ ਨਿਭਾਉਂਦਿਆਂ ਉਨ੍ਹਾਂ ਨੂੰ ਆਪਣੇ ਕਈ ਸ਼ੋਅਜ਼ ਜਿਵੇਂ ਕਿ “WeirdAss Pajama Festival” ਅਤੇ “Jestination Unknown” ਵਿੱਚ ਵੀ ਸ਼ਾਮਲ ਕੀਤਾ ਸੀ। ਅੰਤ ਵਿੱਚ ਵੀਰ ਨੇ ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਭਰਾ।”