ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਥਿਤ ‘ਜ਼ਮੀਨ ਘੁਟਾਲੇ’ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕਈ ਵੱਡੇ ਬਿਲਡਰਾਂ ਅਤੇ ਰੀਅਲ ਅਸਟੇਟ ਕੰਪਨੀਆਂ ਦੇ ਟਿਕਾਣਿਆਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ। ਈਡੀ ਦੀਆਂ ਟੀਮਾਂ ਨੇ ਸਵੇਰ ਤੋਂ ਹੀ ਮੋਹਾਲੀ ਅਤੇ ਚੰਡੀਗੜ੍ਹ ਦੇ ਲਗਭਗ 12 ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ।
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਰੀਆਂ ਗਈਆਂ ਛਾਪੇਮਾਰੀਆਂ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਗੌਰਵ ਧੀਰ ਨਾਮ ਦੇ ਬਿਲਡਰ ‘ਤੇ ਹੋਈ ਈਡੀ ਦੀ ਛਾਪੇਮਾਰੀ ਅਤੇ ਉਨ੍ਹਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਾਮ ਸਾਹਮਣੇ ਆਉਣ ‘ਤੇ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੈਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅੱਜ ਦੀ ਈਡੀ ਰੇਡ ਵਿੱਚ ਮੇਰਾ ਨਾਮ ਵੀ ਸਾਹਮਣੇ ਆਇਆ ਹੈ। ਮੇਰੀ ਸਾਰੀ ਜ਼ਿੰਦਗੀ ਪਹਿਲਾਂ ਵੀ ਪਾਰਦਰਸ਼ੀ ਸੀ, ਹੁਣ ਵੀ ਹੈ ਅਤੇ ਹਮੇਸ਼ਾ ਰਹੇਗੀ। ਮੈਂ ਅਜਿਹੇ ਝੂਠੇ ਪ੍ਰਚਾਰ ਅਤੇ ਪ੍ਰਾਪੇਗੰਡੇ ਅੱਗੇ ਝੁਕਣ ਵਾਲਾ ਨਹੀਂ ਹਾਂ।”
ਮੀਡੀਆ ਰਿਪੋਰਟ ਮੁਤਾਬਿਕ, ਇਹ ਛਾਪੇਮਾਰੀ ਸਨਟੈਕ ਸਿਟੀ ਪ੍ਰੋਜੈਕਟ, ਅਜੈ ਸਹਿਗਲ, ਏਬੀਸੀ ਟਾਊਨਸ਼ਿਪ, ਅਲਟਸ ਬਿਲਡਰਜ਼ ਅਤੇ ਧੀਰ ਕੰਸਟ੍ਰਕਸ਼ਨਜ਼ ਨਾਲ ਜੁੜੇ ਟਿਕਾਣਿਆਂ ‘ਤੇ ਕੀਤੀ ਗਈ ਹੈ। ਈਡੀ ਨੇ ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੀਤੀ ਹੈ।
ਈਡੀ ਵੱਲੋਂ ਨਿਤਿਨ ਗੋਇਲ ਨਾਮੀ ਵਿਅਕਤੀ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਲਜ਼ਾਮ ਹਨ ਕਿ ਉਸ ਨੇ ਉਨ੍ਹਾਂ ਬਿਲਡਰਾਂ ਦੀ ਮਦਦ ਕੀਤੀ ਸੀ ਜਿਨ੍ਹਾਂ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਫੀਸ ਨਹੀਂ ਭਰੀ ਸੀ ਅਤੇ ਉਨ੍ਹਾਂ ਨੂੰ ਸਿਆਸੀ ਸੁਰੱਖਿਆ ਮੁਹੱਈਆ ਕਰਵਾਈ ਸੀ।
ਈਡੀ ਦੀ ਇਸ ਕਾਰਵਾਈ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਜਿੱਥੇ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ, ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਨੂੰ ਕੇਂਦਰ ਦੀ ‘ਬਦਲੇ ਦੀ ਰਾਜਨੀਤੀ’ ਕਰਾਰ ਦਿੱਤਾ ਹੈ।
