ਰਿਸ਼ਤਿਆਂ ਦਾ ਕਤਲ: ਪਿਤਾ ‘ਤੇ 15 ਸਾਲਾ ਧੀ ਦੀ ਹੱਤਿਆ ਦਾ ਇਲਜ਼ਾਮ, ਬਿਨਾਂ ਦੱਸੇ ਕਰ ਦਿੱਤਾ ਅੰਤਿਮ ਸੰਸਕਾਰ

ਪਟਿਆਲਾ: ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਕਲਯੁਗੀ ਪਿਤਾ ‘ਤੇ ਆਪਣੀ ਹੀ 15 ਸਾਲਾ ਨਾਬਾਲਗ ਧੀ ਦਾ ਕਤਲ ਕਰਨ ਅਤੇ ਸਬੂਤ ਮਿਟਾਉਣ ਦੀ ਨੀਅਤ ਨਾਲ ਜਲਦਬਾਜ਼ੀ ਵਿੱਚ ਉਸ ਦਾ ਅੰਤਿਮ ਸੰਸਕਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ

ਕੀ ਹੈ ਪੂਰਾ ਮਾਮਲਾ?
ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ ਸਾਲ 2009 ਵਿੱਚ ਹੋਇਆ ਸੀ। ਪਿਛਲੇ 3 ਸਾਲਾਂ ਤੋਂ ਪਤੀ-ਪਤਨੀ ਵਿਚਾਲੇ ਚੱਲ ਰਹੇ ਘਰੇਲੂ ਕਲੇਸ਼ ਕਾਰਨ ਦੋਵੇਂ ਵੱਖ ਰਹਿ ਰਹੇ ਸਨ। ਮਾਂ ਆਪਣੇ ਬੇਟੇ ਨਾਲ ਵੱਖ ਰਹਿ ਰਹੀ ਸੀ, ਜਦਕਿ 15 ਸਾਲਾ ਧੀ ਆਪਣੇ ਪਿਤਾ ਕੋਲ ਰਹਿ ਰਹੀ ਸੀ। ਮਾਂ ਨੇ ਦੋਸ਼ ਲਾਇਆ ਕਿ ਉਸਦਾ ਪਤੀ ਅਕਸਰ ਉਸਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਵਾਪਸ ਨਾ ਆਈ ਤਾਂ ਉਹ ਧੀ ਨੂੰ ਜਾਨੋਂ ਮਾਰ ਦੇਵੇਗਾ

ਸਾਜ਼ਿਸ਼ ਤਹਿਤ ਹੱਤਿਆ ਅਤੇ ਜਲਦਬਾਜ਼ੀ ‘ਚ ਸਸਕਾਰ
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ 26 ਅਪ੍ਰੈਲ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਪਤੀ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਧੀ ਦੀ ਚੁੰਨੀ ਨਾਲ ਫਾਹਾ ਦੇ ਕੇ ਹੱਤਿਆ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮਾਂ ਨੇ ਨਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਨਾ ਹੀ ਕੁੜੀ ਦੇ ਨਾਨਕੇ ਪਰਿਵਾਰ ਨੂੰ। ਪੁਲਿਸ ਨੂੰ ਸੂਚਨਾ ਮਿਲਣ ਤੋਂ ਪਹਿਲਾਂ ਹੀ ਮੁਲਜ਼ਮਾਂ ਨੇ ਲਾਸ਼ ਨੂੰ ਸ਼ਮਸ਼ਾਨਘਾਟ ਲਿਜਾ ਕੇ ਅਗਨ ਭੇਟ ਕਰ ਦਿੱਤਾ। ਜਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ

ਮਾਂ ਨੇ ਜਤਾਇਆ “ਗਲਤ ਕੰਮ” ਹੋਣ ਦਾ ਸ਼ੱਕ
ਪੀੜਤ ਮਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹੱਤਿਆ ਤੋਂ ਪਹਿਲਾਂ ਉਸ ਦੀ ਧੀ ਨਾਲ ਕੋਈ ਗਲਤ ਹਰਕਤ ਹੋਈ ਹੋ ਸਕਦੀ ਹੈ, ਜਿਸ ਨੂੰ ਛੁਪਾਉਣ ਲਈ ਹੀ ਇੰਨੀ ਜਲਦਬਾਜ਼ੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਰੋਂਦੀ ਹੋਈ ਮਾਂ ਨੇ ਕਿਹਾ, “ਮੇਰੀ ਧੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਉਸ ਨੇ ਹੁਣੇ ਹੀ 10ਵੀਂ ਦੇ ਪੇਪਰ ਦਿੱਤੇ ਸਨ। ਮੈਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੀ ਜਦੋਂ ਤੱਕ ਮੇਰੀ ਧੀ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਨਹੀਂ ਮਿਲ ਜਾਂਦੀ।”

ਫੋਰੈਂਸਿਕ ਟੀਮ ਵੱਲੋਂ ਜਾਂਚ ਜਾਰੀ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਨੇ ਸ਼ਮਸ਼ਾਨਘਾਟ ਪਹੁੰਚ ਕੇ ਰਾਖ ਅਤੇ ਚਿਤਾ ਵਿੱਚੋਂ ਜ਼ਰੂਰੀ ਸੈਂਪਲ ਇਕੱਠੇ ਕੀਤੇ ਹਨ।

ਥਾਣਾ ਖੇੜੀ ਗੰਡਿਆਂ ਦੇ ਇੰਚਾਰਜ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਰਿਪੋਰਟ ਅਤੇ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ