ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਬ੍ਰਿਕਸ (BRICS) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਦੌਰੇ ‘ਤੇ ਆ ਰਹੇ ਹਨ। ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਮੰਗਲਵਾਰ ਨੂੰ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ
ਇੱਕ ਸਾਲ ਦੇ ਅੰਦਰ ਰੂਸੀ ਰਾਸ਼ਟਰਪਤੀ ਦੀ ਇਹ ਦੂਜੀ ਭਾਰਤ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਹ ਦਸੰਬਰ ਮਹੀਨੇ ਵਿੱਚ 23ਵੇਂ ਭਾਰਤ-ਰੂਸ ਸਲਾਨਾ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਸਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰਨਗੇ ਰੂਸ ਦਾ ਦੌਰਾ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਮੁਤਾਬਕ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਗਲੇ ਭਾਰਤ-ਰੂਸ ਸਲਾਨਾ ਸੰਮੇਲਨ ਦੇ ਸਿਲਸਿਲੇ ਵਿੱਚ ਇਸੇ ਸਾਲ ਮਾਸਕੋ (ਰੂਸ) ਦਾ ਦੌਰਾ ਕਰਨਗੇ
ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚੇ ਲਾਵਰੋਵ ਨੇ ਸ਼ੁੱਕਰਵਾਰ ਨੂੰ ਕਿਹਾ:
“ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਰੂਸ ਦਾ ਦੌਰਾ ਕਰਨ ਦੀ ਉਨ੍ਹਾਂ ਦੀ ਵਾਰੀ ਹੈ ਅਤੇ ਅਸੀਂ ਇਸ ਅਹਿਮ ਬੈਠਕ ਦੀਆਂ ਤਿਆਰੀਆਂ ਜਲਦੀ ਹੀ ਸ਼ੁਰੂ ਕਰ ਦਿੱਤੀਆਂ ਹਨ।”
ਭਾਰਤ-ਰੂਸ ਸਬੰਧਾਂ ਵਿੱਚ ਵਧੇਗੀ ਨਜ਼ਦੀਕੀ
ਹਾਲ ਹੀ ਦੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਮੁਲਾਕਾਤਾਂ ਦਾ ਦੌਰ ਤੇਜ਼ ਹੋਇਆ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਆਪਣੇ ਤਿੰਨ ਦਿਨਾਂ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਅਤੇ ਦੋਵਾਂ ਨੇਤਾਵਾਂ ਵਿਚਾਲੇ ਕਈ ਅਹਿਮ ਦੁਵੱਲੇ (bilateral) ਮੁੱਦਿਆਂ ‘ਤੇ ਡੂੰਘੀ ਚਰਚਾ ਹੋਈ
