CM ਮਾਨ ਦਾ ਵੱਡਾ ਐਲਾਨ, ਜਨਤਕ ਥਾਵਾਂ ਤੋਂ ਹਟਾਏ ਜਾਣਗੇ ਆਵਾਰਾ ਕੁੱਤੇ

ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ, ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਤਹਿਤ ਵੱਧ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਇਆ ਜਾਵੇਗਾ, ਤਾਂ ਜੋ ਬੱਚੇ, ਬਜ਼ੁਰਗ ਅਤੇ ਆਮ ਲੋਕ ਬਿਨਾਂ ਕਿਸੇ ਡਰ ਦੇ ਆਜ਼ਾਦ ਤੌਰ ‘ਤੇ ਘੁੰਮ ਸਕਣ।

ਕੁੱਤਿਆਂ ਲਈ ਬਣਾਏ ਜਾਣਗੇ ਵਿਸ਼ੇਸ਼ ਆਸਰਾ ਘਰ (Dog Shelters)

ਆਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਲਈ ਸਰਕਾਰ ਵੱਲੋਂ ਲੋੜੀਂਦੀ ਗਿਣਤੀ ਵਿੱਚ ਵਿਸ਼ੇਸ਼ ਆਸਰਾ ਘਰ (ਡੌਗ ਸ਼ੈਲਟਰ) ਤਿਆਰ ਕੀਤੇ ਜਾਣਗੇ। ਇਹਨਾਂ ਆਸਰਾ ਘਰਾਂ ਵਿੱਚ ਕੁੱਤਿਆਂ ਦੇ ਰਹਿਣ ਅਤੇ ਉਹਨਾਂ ਦੀ ਸਹੀ ਦੇਖਭਾਲ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।

ਬਿਮਾਰ ਅਤੇ ਖ਼ਤਰਨਾਕ ਕੁੱਤਿਆਂ ਬਾਰੇ ਕਾਨੂੰਨੀ ਕਾਰਵਾਈ

ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਜਿਹੜੇ ਕੁੱਤੇ ਹਲ਼ਕੇ ਹੋਏ (Rabi) ਹਨ, ਲਾਇਲਾਜ ਬਿਮਾਰੀਆਂ ਨਾਲ ਪੀੜਤ ਹਨ ਜਾਂ ਇਨਸਾਨੀ ਜਾਨਾਂ ਲਈ ਗੰਭੀਰ ਖ਼ਤਰਾ ਬਣ ਚੁੱਕੇ ਹਨ, ਉਹਨਾਂ ਨਾਲ ਨਜਿੱਠਣ ਲਈ ਕਾਨੂੰਨੀ ਰਾਹ ਅਪਣਾਇਆ ਜਾਵੇਗਾ। ਇਹ ਸਾਰੀ ਪ੍ਰਕਿਰਿਆ ‘ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਐਕਟ’ (PCA Act) ਅਤੇ ‘ਐਨੀਮਲ ਬਰਥ ਕੰਟਰੋਲ’ (ABC) ਨਿਯਮਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਜਾਵੇਗੀ।