ਵ੍ਹਾਈਟ ਹਾਊਸ ਬਾਹਰ ਚੱਲੀਆਂ ਗੋਲੀਆਂ

ਵਾਸ਼ਿੰਗਟਨ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵ੍ਹਾਈਟ ਹਾਊਸ (White House) ਕੰਪਲੈਕਸ ਦੇ ਬਿਲਕੁਲ ਬਾਹਰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਹਥਿਆਰਬੰਦ ਵਿਅਕਤੀ ਨੇ ਸੁਰੱਖਿਆ ਚੈੱਕਪੁਆਇੰਟ ‘ਤੇ ਤਾਇਨਾਤ ਅਫ਼ਸਰਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੀਕਰੇਟ ਸਰਵਿਸ (Secret Service) ਦੀ ਮੁਸਤੈਦ ਜਵਾਬੀ ਕਾਰਵਾਈ ਵਿੱਚ ਸ਼ੱਕੀ ਹਮਲਾਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਬਾਅਦ ਵਿੱਚ ਹਸਪਤਾਲ ਜਾ ਕੇ ਦਮ ਤੋੜ ਦਿੱਤਾ

ਰਾਹਤ ਦੀ ਗੱਲ ਇਹ ਰਹੀ ਕਿ ਇਸ ਹਮਲੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ, ਗੋਲੀਬਾਰੀ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਆਮ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹ

ਬੈਗ ‘ਚੋਂ ਹਥਿਆਰ ਕੱਢ ਕੇ ਚਲਾਈਆਂ ਗੋਲੀਆਂ
ਅਮਰੀਕੀ ਸੀਕਰੇਟ ਸਰਵਿਸ ਵੱਲੋਂ ਜਾਰੀ ਸ਼ੁਰੂਆਤੀ ਬਿਆਨ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 6 ਵਜੇ ਵਾਪਰੀ। ਇੱਕ ਅਣਪਛਾਤਾ ਵਿਅਕਤੀ ਸੁਰੱਖਿਆ ਚੈੱਕਪੁਆਇੰਟ ਦੇ ਨੇੜੇ ਆਇਆ। ਉਸ ਨੇ ਅਚਾਨਕ ਆਪਣੇ ਬੈਗ ਵਿੱਚੋਂ ਹਥਿਆਰ ਕੱਢਿਆ ਅਤੇ ਉੱਥੇ ਮੌਜੂਦ ਅਫ਼ਸਰਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ

ਡਿਊਟੀ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਤੁਰੰਤ ਮੋਰਚਾ ਸੰਭਾਲਦਿਆਂ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਹਮਲਾਵਰ ਨੂੰ ਗੋਲੀ ਲੱਗ ਗਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੁਠਭੇੜ ਵਿੱਚ ਕਿਸੇ ਵੀ ਸੁਰੱਖਿਆ ਅਧਿਕਾਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ

ਮੌਕੇ ‘ਤੇ ਮਚੀ ਅਫਰਾ-ਤਫਰੀ, ਪੱਤਰਕਾਰਾਂ ਨੇ ਲਈ ਓਟ
ਘਟਨਾ ਦੇ ਵਕਤ ਵ੍ਹਾਈਟ ਹਾਊਸ ਦੇ ਮੀਡੀਆ ਟੈਂਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮੌਜੂਦ ਪੱਤਰਕਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਈ ਸੀਨੀਅਰ ਪੱਤਰਕਾਰਾਂ ਮੁਤਾਬਕ ਉਨ੍ਹਾਂ ਨੇ ਲਗਾਤਾਰ ਦਰਜਨਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਤੁਰੰਤ ਪ੍ਰੈੱਸ ਬ੍ਰੀਫਿੰਗ ਰੂਮ ਦੇ ਅੰਦਰ ਸ਼ਰਨ ਲੈਣ ਲਈ ਕਿਹਾ।

ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੇ ਕੁਝ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਸ ਵਿੱਚ ਰਿਪੋਰਟਿੰਗ ਦੌਰਾਨ ਅਚਾਨਕ ਹੋਈ ਫਾਇਰਿੰਗ ਕਾਰਨ ਪੱਤਰਕਾਰ ਜਾਨ ਬਚਾਉਣ ਲਈ ਝੁਕਦੇ ਹੋਏ ਦਿਖਾਈ ਦੇ ਰਹੇ ਹਨ।

ਜਾਂਚ ‘ਚ ਜੁਟੀਆਂ ਸੁਰੱਖਿਆ ਏਜੰਸੀਆਂ
ਘਟਨਾ ਤੋਂ ਤੁਰੰਤ ਬਾਅਦ ਐਫ.ਬੀ.ਆਈ. (FBI) ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਜਾਂਚ ਏਜੰਸੀਆਂ ਮੌਕੇ ‘ਤੇ ਮੁਸਤੈਦ ਹਨ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਵ੍ਹਾਈਟ ਹਾਊਸ ਦੇ ਬਾਹਰ ਪੀਲੀ ਕ੍ਰਾਈਮ ਸੀਨ ਟੇਪ ਲਗਾ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮਾਂ ਸਬੂਤ ਇਕੱਠੇ ਕਰ ਰਹੀਆਂ ਹਨ। ਮੈਟਰੋਪੋਲੀਟਨ ਪੁਲਿਸ ਨੇ ਆਮ ਲੋਕਾਂ ਨੂੰ ਫਿਲਹਾਲ ਇਸ ਇਲਾਕੇ ਵੱਲ ਨਾ ਜਾਣ ਦੀ ਹਦਾਇਤ ਕੀਤੀ ਹੈ।

ਸੁਰੱਖਿਆ ਨੂੰ ਲੈ ਕੇ ਵਧੀਆਂ ਚਿੰਤਾਵਾਂ

ਹਾਲੀਆ ਦਿਨਾਂ ਵਿੱਚ ਰਾਸ਼ਟਰਪਤੀ ਟਰੰਪ ਅਤੇ ਵ੍ਹਾਈਟ ਹਾਊਸ ਦੀ ਸੁਰੱਖਿਆ ਨੂੰ ਲੈ ਕੇ ਇਹ ਤੀਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਇੱਕ ਡਿਨਰ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਸੀ ਅਤੇ 4 ਮਈ ਨੂੰ ਵੀ ਵਾਸ਼ਿੰਗਟਨ ਮੋਨੂਮੈਂਟ ਨੇੜੇ ਇੱਕ ਸ਼ੱਕੀ ਨੇ ਫਾਇਰਿੰਗ ਕੀਤੀ ਸੀ। ਇਸ ਤਾਜ਼ਾ ਹਮਲੇ ਨੇ ਅਮਰੀਕੀ ਸੁਰੱਖਿਆ ਪ੍ਰਬੰਧਾਂ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ