‘ਹਾਰੇ ਹੋਏ’ ਕੇਵਲ ਢਿੱਲੋਂ ਨੂੰ ਪੰਜਾਬ BJP ਪ੍ਰਧਾਨ ਬਣਨ ‘ਤੇ ਦਿੱਤੀਆਂ ਵਧਾਈਆਂ, ਜਾਖੜ ਨਾਲ ਜਤਾਈ ਹਮਦਰਦੀ

ਚੰਡੀਗੜ੍ਹ: ਪੰਜਾਬ ਭਾਜਪਾ ਵਿੱਚ ਹੋਏ ਵੱਡੇ ਫੇਰਬਦਲ ਅਤੇ ਕੇਵਲ ਸਿੰਘ ਢਿੱਲੋਂ ਨੂੰ ਨਵਾਂ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ (X) ‘ਤੇ ਇੱਕ ਬਹੁਤ ਹੀ ਵਿਅੰਗਮਈ ਅਤੇ ਸ਼ਾਇਰਾਨੇ ਅੰਦਾਜ਼ ਵਿੱਚ ਟਵੀਟ ਕਰਕੇ ਭਾਜਪਾ ਦੇ ਸੀਨੀਅਰ ਆਗੂਆਂ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ

ਮੁੱਖ ਮੰਤਰੀ ਮਾਨ ਨੇ ਕੇਵਲ ਢਿੱਲੋਂ ਨੂੰ ਵਧਾਈ ਤਾਂ ਦਿੱਤੀ, ਪਰ ਨਾਲ ਹੀ ਉਨ੍ਹਾਂ ਦੇ ਚੋਣ ਹਾਰਨ ਦੇ ਰਿਕਾਰਡ ਨੂੰ ਵੀ ਜਨਤਕ ਤੌਰ ‘ਤੇ ਯਾਦ ਕਰਵਾ ਦਿੱਤਾ

“2017, 2019 ਅਤੇ 2024 ਵਿੱਚ ਹਾਰੇ ਹੋਏ ਨੇਤਾ…”
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਬਰਨਾਲਾ ਦੇ ਲੋਕਾਂ ਵੱਲੋਂ ਵਾਰ-ਵਾਰ ਨਕਾਰੇ ਗਏ ਆਗੂ ਨੂੰ ਹੁਣ ਭਾਜਪਾ ਨੇ ਆਪਣੀ ਕਮਾਨ ਸੌਂਪ ਦਿੱਤੀ ਹੈ। ਮੁੱਖ ਮੰਤਰੀ ਨੇ ਲਿਖਿਆ:

“2017, 2019 ਅਤੇ 2024 ਵਿੱਚ ਬਰਨਾਲਾ ਦੇ ਲੋਕਾਂ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ BJP ਦਾ ਪ੍ਰਧਾਨ ਬਣਨ ਤੇ ਮੁਬਾਰਕਾਂ..”

ਸੁਨੀਲ ਜਾਖੜ ਨਾਲ ਦਿਲੋਂ ਹਮਦਰਦੀ ਅਤੇ ਦੂਜੇ ਆਗੂਆਂ ‘ਤੇ ਵਿਅੰਗ
ਆਪਣੇ ਇਸੇ ਟਵੀਟ ਵਿੱਚ ਸੀਐਮ ਮਾਨ ਨੇ ਸਾਬਕਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਅਹੁਦੇ ਤੋਂ ਹਟਾਏ ਜਾਣ ‘ਤੇ ਚੁਟਕੀ ਲੈਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਜਾਖੜ ਨਾਲ “ਦਿਲੋਂ ਹਮਦਰਦੀ” ਹੈ।

ਸਿਰਫ ਇੰਨਾ ਹੀ ਨਹੀਂ, ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਹੋਰਨਾਂ ਵੱਡੇ ਆਗੂਆਂ ਨੂੰ ਵੀ ਮੁੱਖ ਮੰਤਰੀ ਨੇ ਲਪੇਟੇ ਵਿੱਚ ਲਿਆ। ਉਨ੍ਹਾਂ ਲਿਖਿਆ:

“..ਸੁਨੀਲ ਜਾਖੜ ਜੀ ਨਾਲ ਦਿਲੋਂ ਹਮਦਰਦੀ.. ਪ੍ਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫ਼ਤਿਹਜੰਗ ਬਾਜਵਾ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜ਼ਿੱਲਤ ਝੱਲਣ ਦਾ ਬਲ ਬਖਸ਼ੇ..”