ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ (BJP) ਵੱਲੋਂ ਪੰਜਾਬ ਇਕਾਈ ਵਿੱਚ ਕੀਤੇ ਗਏ ਵੱਡੇ ਬਦਲਾਅ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ, ਜਿਸ ਦਾ ਕੈਪਟਨ ਨੇ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਦੋਸਤੀ ਆਪਣੀ ਥਾਂ, ਪਰ ਸਿਆਸੀ ਸਮਰੱਥਾ ਜ਼ਰੂਰੀ: ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਕੇਵਲ ਸਿੰਘ ਢਿੱਲੋਂ ਉਨ੍ਹਾਂ ਦੇ ਪੁਰਾਣੇ ਅਤੇ ਚੰਗੇ ਦੋਸਤ ਹਨ, ਪਰ ਪਾਰਟੀ ਦੀ ਅਗਵਾਈ ਕਰਨ ਲਈ ਸਿਆਸੀ ਸਮਰੱਥਾ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮੁਤਾਬਕ, ਢਿੱਲੋਂ ਇਸ ਅਹੁਦੇ ਲਈ ਸਹੀ ਵਿਕਲਪ ਨਹੀਂ ਹਨ। ਕੈਪਟਨ ਨੇ ਦਾਅਵਾ ਕੀਤਾ ਕਿ ਜਦੋਂ ਉਹ ਮੁੱਖ ਮੰਤਰੀ ਸਨ, ਉਦੋਂ ਢਿੱਲੋਂ ਸਿਆਸਤ ਵਿੱਚ ਸਰਗਰਮ ਜ਼ਰੂਰ ਸਨ, ਪਰ ਜ਼ਮੀਨੀ ਪੱਧਰ (ਫੀਲਡ) ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ।
ਪੁਰਾਣੇ ਆਗੂਆਂ ਨੂੰ ਹਟਾਉਣ ‘ਤੇ ਚੁੱਕੇ ਸਵਾਲ
ਸਾਬਕਾ ਮੁੱਖ ਮੰਤਰੀ ਨੇ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵਰਗੇ ਸੀਨੀਅਰ ਆਗੂਆਂ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਪਾਰਟੀ ਲਈ ਬਹੁਤ ਵਧੀਆ ਕੰਮ ਕਰ ਰਹੇ ਸਨ। ਉਹ ਪੰਜਾਬ ਭਾਜਪਾ ਦੇ ਮਜ਼ਬੂਤ ਥੰਮ੍ਹ ਹਨ। ਅਜਿਹੇ ਤਜ਼ਰਬੇਕਾਰ ਨੇਤਾਵਾਂ ਨੂੰ ਹਟਾਉਣ ਦੀ ਕੋਈ ਲੋੜ ਨਹੀਂ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਪਾਰਟੀਆਂ ਦੇ ਅੰਦਰੂਨੀ ਸੱਭਿਆਚਾਰ ਦੀ ਤੁਲਨਾ ਕਰਦਿਆਂ ਭਾਜਪਾ ਹਾਈਕਮਾਂਡ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ “ਮੈਂ ਤਿੰਨ ਵਾਰ ਕਾਂਗਰਸ ਦਾ ਸੂਬਾ ਪ੍ਰਧਾਨ ਰਿਹਾ ਹਾਂ ਅਤੇ ਉੱਥੇ ਹਮੇਸ਼ਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੇਰੀ ਰਾਏ ਜਾਂ ਸਲਾਹ ਲਈ ਜਾਂਦੀ ਸੀ। ਪਰ ਭਾਜਪਾ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਹੈ; ਇੱਥੇ ਫੈਸਲੇ ਸਿੱਧੇ ਉੱਪਰੋਂ ਥੋਪੇ ਜਾਂਦੇ ਹਨ ਅਤੇ ਸਥਾਨਕ ਆਗੂਆਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ।”
ਆਉਣ ਵਾਲੇ ਦਿਨਾਂ ‘ਚ ਦੇਖਣਗੇ ਨਤੀਜੇ
ਕੈਪਟਨ ਨੇ ਕਿਹਾ ਕਿ ਇਸ ਫੈਸਲੇ ਤੋਂ ਪਹਿਲਾਂ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਗਹਿਰਾ ਧੱਕਾ ਲੱਗਿਆ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਭਾਵੇਂ ਇਹ ਫੈਸਲਾ ਹੁਣੇ ਲਿਆ ਗਿਆ ਹੈ, ਪਰ ਇਸ ਦੇ ਸਿਆਸੀ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੇ। ਪਾਰਟੀ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਨੀਅਰ ਆਗੂ ਇਸ ਬਦਲਾਅ ਤੋਂ ਨਿਰਾਸ਼ ਅਤੇ ਦੁਖੀ ਹਨ।
