ਬੱਸ ਡਰਾਈਵਰ ਨੇ ਆਪਣੀ ਜਾਨ ਦੇ ਕੇ ਬਚਾਈਆਂ 34 ਮੁਸਾਫ਼ਰਾਂ ਦੀਆਂ ਜਿੰਦਗੀਆਂ

(ਉੱਤਰਾਖੰਡ): ਉੱਤਰਾਖੰਡ ਵਿੱਚ ਇੱਕ ਵੱਡਾ ਹਾਦਸਾ ਟਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸਰਕਾਰੀ ਬੱਸ ਦੇ ਡਰਾਈਵਰ ਨੇ ਆਪਣੀ ਸਮਝਦਾਰੀ ਅਤੇ ਬਹਾਦਰੀ ਸਦਕਾ 34 ਮੁਸਾਫ਼ਰਾਂ ਦੀ ਜਾਨ ਬਚਾ ਲਈ। ਹਾਲਾਂਕਿ, ਇਸ ਹਾਦਸੇ ਵਿੱਚ ਡਰਾਈਵਰ ਦੀ ਖੁਦ ਦੀ ਜਾਨ ਚਲੀ ਗਈ। ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਸਵੇਰੇ ਉਸ ਵੇਲੇ ਵਾਪਰੀ ਜਦੋਂ ਇੱਕ ਢਲਾਣ ਵਾਲੇ ਰਸਤੇ ‘ਤੇ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਸਨ

ਪਹਾੜੀ ਨਾਲ ਟਕਰਾਈ ਬੱਸ, ਟਲਿਆ ਵੱਡਾ ਹਾਦਸਾ
ਪੁਲਿਸ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ, ਉੱਤਰਾਖੰਡ ਰੋਡਵੇਜ਼ ਦੀ ਇਹ ਬੱਸ ਧਾਰਚੂਲਾ ਤੋਂ ਟਨਕਪੁਰ ਵੱਲ ਜਾ ਰਹੀ ਸੀ। ਜਦੋਂ ਬੱਸ ਆਲ-ਵੈਦਰ ਰੋਡ ‘ਤੇ ਚੰਪਾਵਤ ਤੋਂ ਕਰੀਬ 18 ਕਿਲੋਮੀਟਰ ਦੂਰ ਮਰੋੜਾਖਾਨ ਨੇੜੇ ਪਹੁੰਚੀ, ਤਾਂ ਇੱਕ ਉਤਰਾਈ (ਢਲਾਣ) ‘ਤੇ ਅਚਾਨਕ ਉਸਦੀਆਂ ਬ੍ਰੇਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ

ਉੱਤਰਾਖੰਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਸਹਾਇਕ ਖੇਤਰੀ ਪ੍ਰਬੰਧਕ ਸੁਰੇਸ਼ ਪਾਂਡੇ ਨੇ ਦੱਸਿਆ ਕਿ ਖ਼ਤਰੇ ਨੂੰ ਭਾਪਦਿਆਂ ਹੀ ਡਰਾਈਵਰ ਨੇ ਸਵਾਰੀਆਂ ਦੀ ਜਾਨ ਬਚਾਉਣ ਲਈ ਬੱਸ ਨੂੰ ਖੱਡ ਵਿੱਚ ਡਿੱਗਣ ਤੋਂ ਰੋਕਿਆ ਅਤੇ ਸੱਜੇ ਪਾਸੇ ਦੀ ਪਹਾੜੀ ਨਾਲ ਟਕਰਾ ਦਿੱਤਾ

ਬਹਾਦਰ ਡਰਾਈਵਰ ਦੀ ਮੌਕੇ ‘ਤੇ ਹੀ ਮੌਤ
ਮ੍ਰਿਤਕ ਡਰਾਈਵਰ ਦੀ ਪਛਾਣ 49 ਸਾਲਾ ਬੇਨੀਰਾਮ ਥਵਾਲ ਵਜੋਂ ਹੋਈ ਹੈ, ਜੋ ਚੰਪਾਵਤ ਦਾ ਹੀ ਰਹਿਣ ਵਾਲਾ ਸੀ। ਪਹਾੜੀ ਨਾਲ ਹੋਈ ਇਸ ਜ਼ੋਰਦਾਰ ਟੱਕਰ ਦੌਰਾਨ, ਡਰਾਈਵਰ ਬੇਨੀਰਾਮ ਬੱਸ ਵਿੱਚੋਂ ਬਾਹਰ ਡਿੱਗ ਗਏ ਅਤੇ ਬਦਕਿਸਮਤੀ ਨਾਲ ਗੱਡੀ ਦੇ ਅਗਲੇ ਟਾਇਰ ਦੇ ਹੇਠਾਂ ਆ ਗਏ। ਟਾਇਰ ਹੇਠਾਂ ਕੁਚਲੇ ਜਾਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।

ਸਾਰੀਆਂ ਸਵਾਰੀਆਂ ਸੁਰੱਖਿਅਤ, ਇੱਕ ਔਰਤ ਜ਼ਖਮੀ
ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਮੁਸਤੈਦੀ ਸਦਕਾ ਬੱਸ ਵਿੱਚ ਸਵਾਰ ਸਾਰੇ 34 ਯਾਤਰੀ ਬਿਲਕੁਲ ਸੁਰੱਖਿਅਤ ਹਨ। ਸਿਰਫ਼ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਤੁਰੰਤ ਇਲਾਜ ਲਈ ਲੋਹਾਘਾਟ ਦੇ ਉਪ-ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ

Uttarakhand bus driver sacrifice, Champawat bus accident, Uttarakhand Roadways, Beniram Thwal brave driver, All Weather Road accident.