ਘੱਗਰ ਬਰਾਂਚ ਨਹਿਰ ਕੋਲ ਵਾਪਰਿਆ ਸੜਕ ਹਾਦਸਾ, 10 ਸਾਲਾ ਬੱਚਾ ਨਹਿਰ ਵਿੱਚ ਡਿੱਗਿਆ

ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਦਾਮਪੁਰ ਸੜਕ ‘ਤੇ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ 10 ਸਾਲਾ ਬੱਚਾ ਨਹਿਰ ਵਿੱਚ ਡਿੱਗ ਗਿਆ ਅਤੇ ਲਾਪਤਾ ਹੋ ਗਿਆ।

ਬੱਚੇ ਦੀ ਭਾਲ ਜਾਰੀ

ਲਾਪਤਾ ਬੱਚੇ ਦੀ ਪਛਾਣ ਏਕਮ ਸਿੰਘ (10) ਪੁੱਤਰ ਹਰਨੈਬ ਸਿੰਘ, ਵਾਸੀ ਨੰਗਲਾ ਵਜੋਂ ਹੋਈ ਹੈ। ਪਰਿਵਾਰਕ ਜਾਣਕਾਰੀ ਮੁਤਾਬਕ ਏਕਮ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਹਾਦਸੇ ਤੋਂ ਬਾਅਦ ਰਾਹਤ ਟੀਮਾਂ ਅਤੇ ਸਥਾਨਕ ਲੋਕਾਂ ਵੱਲੋਂ ਨਹਿਰ ਵਿੱਚ ਬੱਚੇ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਕਰੀਬ 15 ਘੰਟਿਆਂ ਤੋਂ ਖੋਜ ਮੁਹਿੰਮ ਜਾਰੀ ਹੈ।

ਪੁਲਿਸ ਨੇ ਦਰਜ ਕੀਤਾ ਮਾਮਲਾ

ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਕਾਰ ਚਾਲਕ ਦੀ ਪਛਾਣ ਲਈ ਯਤਨ ਜਾਰੀ ਹਨ।