ਜੈਨ ਮੰਦਰ ਚੌਂਕ ‘ਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਕੂਲੀ ਬੱਚਾ ਗੰਭੀਰ ਜ਼ਖਮੀ

ਲੁਧਿਆਣਾ ਦੇ ਫੁੱਲਾਂਵਾਲ ਚੌਂਕ ਤੋਂ ਲੰਘਦੀ 200 ਫੁੱਟੀ ਮਿਸਿੰਗ ਲਿੰਕ ਸੜਕ ‘ਤੇ ਸਥਿਤ ਜੈਨ ਮੰਦਰ ਚੌਂਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਰੇਟਾ ਕਾਰ ਨੇ ਸਾਈਕਲ ‘ਤੇ ਸਕੂਲ ਜਾ ਰਹੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ। ਬੱਚੇ ਦੀ ਉਮਰ ਕਰੀਬ 10 ਸਾਲ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਬੱਚਾ ਗੰਭੀਰ ਜ਼ਖਮੀ ਹੋ ਗਿਆ, ਜਦਕਿ ਉਸ ਦਾ ਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ, ਕਾਰ ਵਿੱਚ ਦੋ ਨਬਾਲਗ ਲੜਕੇ ਸਵਾਰ ਸਨ, ਜੋ ਆਪਣੇ ਆਪ ਨੂੰ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਦੱਸ ਰਹੇ ਸਨ। ਹਾਦਸੇ ਤੋਂ ਬਾਅਦ ਇੱਕ ਲੜਕਾ ਕਾਰ ਲੈ ਕੇ ਉੱਥੋਂ ਚਲਾ ਗਿਆ ਅਤੇ ਦੂਜੇ ਇਲਾਕੇ ਵਿੱਚ ਵਾਹਨ ਖੜ੍ਹਾ ਕਰ ਦਿੱਤਾ, ਜਦਕਿ ਦੂਜੇ ਲੜਕੇ ਨੂੰ ਪੀ.ਸੀ.ਆਰ. ਪੁਲਿਸ ਨੇ ਮੌਕੇ ਤੋਂ ਕਾਬੂ ਕਰ ਲਿਆ।

ਪੀ.ਸੀ.ਆਰ. ਟੀਮ ਨੇ ਕਾਬੂ ਕੀਤੇ ਗਏ ਲੜਕੇ ਦੀ ਜਾਣਕਾਰੀ ਦੇ ਆਧਾਰ ‘ਤੇ ਕਾਰ ਵੀ ਬਰਾਮਦ ਕਰ ਲਈ ਅਤੇ ਉਸ ਨੂੰ ਬਸੰਤ ਐਵਨਿਊ ਪੁਲਿਸ ਚੌਂਕੀ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹਾਦਸੇ ਤੋਂ ਬਾਅਦ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਜ਼ਖਮੀ ਬੱਚੇ ਨੂੰ ਪਹਿਲਾਂ ਕਈ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਆਖਿਰਕਾਰ ਦਿਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਨਾਲ ਸੰਬੰਧਿਤ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਕੌਣ ਚਲਾ ਰਿਹਾ ਸੀ ਅਤੇ ਹਾਦਸੇ ਦੀ ਅਸਲ ਵਜ੍ਹਾ ਕੀ ਸੀ, ਇਸ ਬਾਰੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।