ਅੰਮ੍ਰਿਤਸਰ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਘੱਟ ਕਿਰਾਏ ਤੋਂ ਪ੍ਰੇਸ਼ਾਨ ਆਟੋ ਅਤੇ ਈ-ਰਿਕਸ਼ਾ ਚਾਲਕਾਂ ਦਾ ਗੁੱਸਾ ਹੁਣ ਸੜਕਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ‘ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ’ ਵੱਲੋਂ ਇੰਡੀਆ ਗੇਟ ਤੋਂ ਇੱਕ ਵੱਡਾ ਰੋਸ ਮਾਰਚ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦੌਰਾਨ ਯੂਨੀਅਨ ਨੇ ਵੱਡਾ ਫ਼ੈਸਲਾ ਲੈਂਦਿਆਂ ਕੱਲ੍ਹ ਸਵੇਰੇ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਆਟੋ ਅਤੇ ਈ-ਰਿਕਸ਼ਾ ਦੀ ਮੁਕੰਮਲ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਹੜਤਾਲ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੰਜਾਬ ਰਾਜ ਜੱਥੇਬੰਦੀ ਦੇ ਪ੍ਰਧਾਨ ਤੀਰਥ ਸਿੰਘ ਕੁਹਾਲੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਵਧ ਚੁੱਕੀ ਹੈ। ਅਜਿਹੇ ਵਿੱਚ ਸਿਰਫ਼ 10 ਰੁਪਏ ਕਿਰਾਏ ਨਾਲ ਘਰ ਦਾ ਗੁਜ਼ਾਰਾ ਕਰਨਾ ਬਿਲਕੁਲ ਮੁਸ਼ਕਿਲ ਹੋ ਗਿਆ ਹੈ। ਇਸੇ ਕਾਰਨ ਯੂਨੀਅਨ ਨੇ ਹੁਣ ਘੱਟੋ-ਘੱਟ ਕਿਰਾਇਆ 20 ਰੁਪਏ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਚਾਲਕਾਂ ਨੂੰ ਆਪਣੇ ਪਰਿਵਾਰ ਪਾਲਣ ਵਿੱਚ ਕੁਝ ਮਦਦ ਮਿਲ ਸਕੇ।
ਯੂਨੀਅਨ ਦੇ ਆਗੂਆਂ ਨੇ ਆਮ ਜਨਤਾ (ਸਵਾਰੀਆਂ) ਨੂੰ ਅਪੀਲ ਕੀਤੀ ਹੈ ਕਿ ਉਹ ਹਾਲਾਤ ਨੂੰ ਸਮਝਣ ਅਤੇ ਆਟੋ ਜਾਂ ਈ-ਰਿਕਸ਼ਾ ਚਾਲਕਾਂ ਨੂੰ 20 ਰੁਪਏ ਤੋਂ ਘੱਟ ਕਿਰਾਇਆ ਦੇਣ ਲਈ ਮਜਬੂਰ ਨਾ ਕਰਨ। ਇਸ ਦੇ ਨਾਲ ਹੀ ਯੂਨੀਅਨ ਨੇ ਸਾਰੇ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੂੰ ਵੀ ਸਖ਼ਤ ਹਦਾਇਤ ਦਿੱਤੀ ਹੈ ਕਿ ਕੋਈ ਵੀ ਚਾਲਕ ਕਿਸੇ ਵੀ ਸਵਾਰੀ ਤੋਂ 20 ਰੁਪਏ ਤੋਂ ਘੱਟ ਕਿਰਾਇਆ ਨਾ ਵਸੂਲੇ।
