ਜਲੰਧਰ: ਸ਼ਹਿਰ ਵਿੱਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਅਰਬਨ ਅਸਟੇਟ ਇਲਾਕੇ ਦਾ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਬੇਖੌਫ ਲੁਟੇਰਿਆਂ ਨੇ ਘਰ ਕੋਲ ਜਾ ਰਹੀ 56 ਸਾਲਾ ਬਜ਼ੁਰਗ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਕੰਨ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਏ। ਇਸ ਖੌਫ਼ਨਾਕ ਵਾਰਦਾਤ ਵਿੱਚ ਮਹਿਲਾ ਦੇ ਕੰਨ ਵਿੱਚੋਂ ਖ਼ੂਨ ਵਹਿਣ ਲੱਗ ਪਿਆ, ਜਿਸ ਨੂੰ ਹਸਪਤਾਲ ਵਿੱਚ ਦੋ ਟਾਂਕੇ ਲਵਾਉਣੇ ਪਏ
ਘਰ ਤੋਂ ਕੁਝ ਹੀ ਦੂਰੀ ‘ਤੇ ਵਾਪਰੀ ਘਟਨਾ
ਪ੍ਰਾਪਤ ਜਾਣਕਾਰੀ ਅਨੁਸਾਰ, ਗੜ੍ਹਾ ਨਿਵਾਸੀ ਸੀਤਾ ਦੇਵੀ ਸਵੇਰ ਦੇ ਸਮੇਂ ਆਪਣੇ ਘਰ ਦੇ ਨੇੜੇ ਹੀ ਰਹਿਣ ਵਾਲੇ ਇੱਕ ਜਾਣਕਾਰ ਦੇ ਘਰ ਪੈਦਲ ਜਾ ਰਹੀਆਂ ਸਨ। ਉਹ ਘਰੋਂ ਮਸਾਂ ਕੁਝ ਹੀ ਦੂਰੀ ‘ਤੇ ਪਹੁੰਚੀਆਂ ਸਨ ਕਿ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਜਦੋਂ ਤੱਕ ਮਹਿਲਾ ਕੁਝ ਸਮਝ ਪਾਉਂਦੀ, ਮੋਟਰਸਾਈਕਲ ‘ਤੇ ਪਿੱਛੇ ਬੈਠੇ ਲੁਟੇਰੇ ਨੇ ਜ਼ਬਰਦਸਤੀ ਉਨ੍ਹਾਂ ਦੇ ਕੰਨ ਦੀ ਵਾਲੀ ਖਿੱਚ ਲਈ। ਇਸ ਅਚਾਨਕ ਹੋਏ ਹਮਲੇ ਕਾਰਨ ਮਹਿਲਾ ਨੂੰ ਚੱਕਰ ਆ ਗਏ ਅਤੇ ਮੁਲਜ਼ਮ ਤੇਜ਼ ਰਫ਼ਤਾਰ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ
ਵਾਲੀ ਖਿੱਚਣ ਨਾਲ ਫਟਿਆ ਕੰਨ, ਲੱਗੇ ਟਾਂਕੇ
ਲੁਟੇਰਿਆਂ ਵੱਲੋਂ ਵਾਲੀ ਇੰਨੀ ਜ਼ੋਰ ਨਾਲ ਖਿੱਚੀ ਗਈ ਕਿ ਸੀਤਾ ਦੇਵੀ ਦੇ ਕੰਨ ਵਿੱਚੋਂ ਤੇਜ਼ ਖ਼ੂਨ ਵਹਿਣ ਲੱਗ ਪਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਮਹਿਲਾ ਦੇ ਕੰਨ ‘ਤੇ ਦੋ ਟਾਂਕੇ ਲਾਏ ਗਏ
