IPL ਸਟਾਰ ਖਿਡਾਰੀ ਅਭਿਸ਼ੇਕ ਬਲਾਤਕਾਰ ਮਾਮਲੇ ‘ਚ ਗ੍ਰਿਫ਼ਤਾਰ

ਕੋਲਕਾਤਾ: IPL ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਕ੍ਰਿਕਟਰ ਅਭਿਸ਼ੇਕ ਪੋਰੇਲ ਨੂੰ ਪੁਲਿਸ ਨੇ ਇੱਕ ਗੰਭੀਰ ਅਪਰਾਧਿਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਸ ਖ਼ਿਲਾਫ਼ ਬਲਾਤਕਾਰ, ਧਮਕੀ ਦੇਣ ਅਤੇ ਹੋਰ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

ਜਾਣਕਾਰੀ ਅਨੁਸਾਰ ਹੁਗਲੀ ਜ਼ਿਲ੍ਹੇ ਦੀ ਮੋਗਰਾ ਪੁਲਿਸ ਨੇ ਮੰਗਲਵਾਰ ਨੂੰ ਅਭਿਸ਼ੇਕ ਪੋਰੇਲ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਉਸਨੂੰ ਚੁੰਚੂੜਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ

ਮੈਡੀਕਲ ਵਿਦਿਆਰਥਣ ਨੇ ਲਗਾਏ ਦੋਸ਼

ਮਾਮਲੇ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ 23 ਜੂਨ ਨੂੰ ਕਰਨਾਟਕ ਦੀ ਇੱਕ ਮੈਡੀਕਲ ਵਿਦਿਆਰਥਣ ਨੇ ਮੋਗਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਹ ਅਤੇ ਅਭਿਸ਼ੇਕ ਪੋਰੇਲ ਕਰੀਬ ਸਾਢੇ ਤਿੰਨ ਸਾਲਾਂ ਤੋਂ ਰਿਸ਼ਤੇ ਵਿੱਚ ਸਨ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਵੀ ਕੀਤਾ ਸੀ

ਮਹਿਲਾ ਨੇ ਦੋਸ਼ ਲਗਾਇਆ ਕਿ ਉਹ ਦੋਵੇਂ ਵਿਦੇਸ਼ ਯਾਤਰਾ ‘ਤੇ ਵੀ ਗਏ ਸਨ, ਪਰ ਬਾਅਦ ਵਿੱਚ ਕ੍ਰਿਕਟਰ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਪਹੁੰਚ ਕੀਤੀ

ਪਹਿਲਾਂ ਵੀ ਹੋਇਆ ਸੀ ਵਿਵਾਦ

ਰਿਪੋਰਟਾਂ ਮੁਤਾਬਕ ਦੋਵਾਂ ਵਿਚਕਾਰ ਪਹਿਲਾਂ ਵੀ ਵਿਵਾਦ ਹੋਇਆ ਸੀ ਅਤੇ ਮਾਮਲਾ ਪੁਲਿਸ ਤੱਕ ਪਹੁੰਚਿਆ ਸੀ, ਹਾਲਾਂਕਿ ਉਸ ਸਮੇਂ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਬਾਅਦ ਵਿੱਚ ਜੂਨ ਮਹੀਨੇ ਦੇ ਅੰਤ ਵਿੱਚ ਮਹਿਲਾ ਨੇ ਅਭਿਸ਼ੇਕ ਪੋਰੇਲ ਖ਼ਿਲਾਫ਼ ਮੋਗਰਾ ਥਾਣੇ ਵਿੱਚ ਕੇਸ ਦਰਜ ਕਰਵਾਇਆ

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਗ੍ਰਿਫ਼ਤਾਰੀ

ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਕ੍ਰਿਕਟਰ ਦੀ ਭਾਲ ਕੀਤੀ ਗਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਕਲਕੱਤਾ ਹਾਈ ਕੋਰਟ ਦਾ ਰੁਖ ਕੀਤਾ। ਅਦਾਲਤ ਨੇ ਪੁਲਿਸ ਨੂੰ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਕ੍ਰਿਕਟਰ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ।

ਪੁਲਿਸ ਨੇ ਅਭਿਸ਼ੇਕ ਪੋਰੇਲ ਖ਼ਿਲਾਫ਼ BNS ਦੀਆਂ ਵੱਖ-ਵੱਖ ਧਾਰਾਵਾਂ ਅਤੇ IT ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਪੋਰੇਲ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ।

ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕਰਨ ਦੇ ਨਿਰਦੇਸ਼

ਪਿਛਲੀ ਸੁਣਵਾਈ ਦੌਰਾਨ ਕਲਕੱਤਾ ਹਾਈ ਕੋਰਟ ਨੇ ਪੁਲਿਸ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਸਨ ਕਿ ਮਾਮਲੇ ਨਾਲ ਜੁੜੇ ਇਲੈਕਟ੍ਰਾਨਿਕ ਡਿਵਾਈਸ ਕਬਜ਼ੇ ਵਿੱਚ ਲਏ ਜਾਣ, ਤਾਂ ਜੋ ਸ਼ਿਕਾਇਤਕਰਤਾ ਦੀਆਂ ਤਸਵੀਰਾਂ ਜਾਂ ਨਿੱਜੀ ਜਾਣਕਾਰੀ ਦਾ ਗਲਤ ਇਸਤੇਮਾਲ ਨਾ ਹੋ ਸਕੇ

ਪੁਲਿਸ ਹੁਣ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।