ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ : US ਰਾਜਦੂਤ ਸਰਜੀਓ ਗੋਰ

ਸ਼੍ਰੀਨਗਰ : ਭਾਰਤ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਆਪਣੇ ਪਹਿਲੇ ਜੰਮੂ-ਕਸ਼ਮੀਰ ਦੌਰੇ ਦੌਰਾਨ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਇੱਕ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਜਾਰੀ ਆਪਣੀਆਂ ਯਾਤਰਾ ਸਲਾਹਾਂ ’ਤੇ ਮੁੜ ਵਿਚਾਰ ਕਰੇਗਾ

ਸਰਜੀਓ ਗੋਰ ਬੁੱਧਵਾਰ ਨੂੰ ਦੋ ਦਿਨਾਂ ਦੌਰੇ ’ਤੇ ਸ਼੍ਰੀਨਗਰ ਪਹੁੰਚੇ। ਇਸ ਦੌਰਾਨ ਉਨ੍ਹਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਅਮਰੀਕੀ ਰਾਜਦੂਤ ਨੇ ਕਿਹਾ ਕਿ ਇੱਥੇ ਆਉਣਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਅਤੇ ਇਹ ਬਹੁਤ ਹੀ ਸੁੰਦਰ ਸਥਾਨ ਹੈ

ਉਨ੍ਹਾਂ ਕਿਹਾ, “ਅਮਰੀਕਾ ਜੰਮੂ-ਕਸ਼ਮੀਰ ਲਈ ਆਪਣੀਆਂ ਯਾਤਰਾ ਸਲਾਹਾਂ ਦੀ ਸਮੀਖਿਆ ਕਰੇਗਾ। ਇਹ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ।”

ਗੋਰ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਚੰਗੀ ਅਤੇ ਸਕਾਰਾਤਮਕ ਰਹੀ। ਉਨ੍ਹਾਂ ਦੱਸਿਆ ਕਿ ਦੋਵਾਂ ਪੱਖਾਂ ਵਿਚਾਲੇ ਭਵਿੱਖ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਮੁੱਦਿਆਂ ’ਤੇ ਗੱਲਬਾਤ ਹੋਈ ਹੈ।

CM ਉਮਰ ਅਬਦੁੱਲਾ ਨੇ ਕਿਹਾ- ਕੇਂਦਰ ਸਰਕਾਰ ਨਾਲ ਵੀ ਹੋਵੇਗੀ ਗੱਲਬਾਤ

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਮਰੀਕੀ ਰਾਜਦੂਤ ਨਾਲ ਮੁਲਾਕਾਤ ਦੌਰਾਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਤੋਂ ਇਲਾਵਾ ਜੰਮੂ-ਕਸ਼ਮੀਰ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਹੋਈ।

ਉਨ੍ਹਾਂ ਕਿਹਾ ਕਿ ਕੁਝ ਪੁਰਾਣੇ ਮੁੱਦੇ ਹਨ, ਜਿਨ੍ਹਾਂ ਦਾ ਹੱਲ ਸਮੇਂ ਦੇ ਨਾਲ ਲੱਭਿਆ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਅਮਰੀਕਾ ਅਤੇ ਜੰਮੂ-ਕਸ਼ਮੀਰ ਵਿਚਾਲੇ ਸਬੰਧ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋਣਗੇ।

ਉਮਰ ਅਬਦੁੱਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਖੇਤਰ ਨਾਲ ਜੁੜੇ ਅੰਦਰੂਨੀ ਮਾਮਲਿਆਂ ਦਾ ਹੱਲ ਸਿਰਫ਼ ਭਾਰਤ ਸਰਕਾਰ ਦੇ ਪੱਧਰ ’ਤੇ ਹੀ ਹੋ ਸਕਦਾ ਹੈ ਅਤੇ ਉਹ ਇਨ੍ਹਾਂ ਮੁੱਦਿਆਂ ਨੂੰ ਅਮਰੀਕੀ ਪ੍ਰਤੀਨਿਧੀ ਕੋਲ ਨਹੀਂ ਉਠਾਉਣਗੇ।

2019 ਤੋਂ ਬਾਅਦ ਪਹਿਲੀ ਵਾਰ ਕਿਸੇ ਅਮਰੀਕੀ ਰਾਜਦੂਤ ਦਾ ਦੌਰਾ

ਜ਼ਿਕਰਯੋਗ ਹੈ ਕਿ ਸਰਜੀਓ ਗੋਰ ਧਾਰਾ 370 ਹਟਾਏ ਜਾਣ (ਅਗਸਤ 2019) ਤੋਂ ਬਾਅਦ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਜਦੂਤ ਹਨ

ਉਨ੍ਹਾਂ ਵੱਲੋਂ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅਹਿਮ ਹਿੱਸਾ ਦੱਸੇ ਜਾਣ ਨੂੰ ਖੇਤਰ ਦੀ ਰਾਜਨੀਤੀ ਦੇ ਨਜ਼ਰੀਏ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਵੱਖਵਾਦੀ ਤੱਤ ਅੰਤਰਰਾਸ਼ਟਰੀ ਪੱਧਰ ’ਤੇ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ