ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਚਰਚਿਤ ਕਤਲ ਕੇਸ ਦੇ ਮੁੱਖ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਅਚਾਨਕ ਸਿਹਤ ਵਿਗੜ ਗਈ ਹੈ। ਪੇਟ ਵਿੱਚ ਤੇਜ਼ ਦਰਦ ਉੱਠਣ ਕਾਰਨ ਉਸ ਨੂੰ ਸਖ਼ਤ ਸੁਰੱਖਿਆ ਹੇਠ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਡਾਕਟਰਾਂ ਮੁਤਾਬਕ ਮਹਿਰੋਂ ਪੱਥਰੀ ਦੀ ਬਿਮਾਰੀ ਤੋਂ ਪੀੜਤ ਹੈ। ਹਸਪਤਾਲ ਵਿੱਚ ਕਰਵਾਏ ਗਏ ਅਲਟਰਾਸਾਊਂਡ ਤੋਂ ਬਾਅਦ ਪਤਾ ਲੱਗਾ ਹੈ ਕਿ ਉਸ ਦੇ ਪਹਿਲਾਂ ਵੀ ਪੱਥਰੀ ਦਾ ਅਪ੍ਰੇਸ਼ਨ ਹੋ ਚੁੱਕਾ ਹੈ ਅਤੇ ਹੁਣ ਦੁਬਾਰਾ ਇਹ ਸਮੱਸਿਆ ਸਾਹਮਣੇ ਆਈ ਹੈ। ਮੌਜੂਦਾ ਸਮੇਂ ਵਿੱਚ ਡਾਕਟਰਾਂ ਵੱਲੋਂ ਉਸ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜੀਂਦਾ ਇਲਾਜ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਨਿਵਾਸੀ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਭੱਜ ਗਿਆ ਸੀ, ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਯੂ.ਏ.ਈ. ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ ਅਤੇ ਉਹ ਬਠਿੰਡਾ ਜੇਲ੍ਹ ਵਿੱਚ ਬੰਦ ਹੈ।
