ਮਨਾਲੀ ਘੁੰਮਣ ਗਏ ਲੁਧਿਆਣਾ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਦੇ ਮੁੰਡੀਆਂ ਕਲਾਂ ਇਲਾਕੇ ਦੇ ਰਹਿਣ ਵਾਲੇ 36 ਸਾਲਾ ਮਨਦੀਪ ਸ਼ਰਮਾ ਦੀ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਇੱਕ ਦੁਖਦਾਈ ਅਤੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਨਦੀਪ ਦੇ ਦੋ ਦੋਸਤਾਂ, ਰੋਹਿਤ ਵਰਮਾ ਅਤੇ ਅਜੇ ਸ਼ਰਮਾ ਦੇ ਖ਼ਿਲਾਫ਼ ਲਾਪਰਵਾਹੀ ਵਰਤਣ ਅਤੇ ਜਾਣਕਾਰੀ ਛੁਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਮਨਦੀਪ 28 ਮਾਰਚ ਨੂੰ ਆਪਣੇ ਇਨ੍ਹਾਂ ਦੋ ਦੋਸਤਾਂ ਨਾਲ ਗੱਡੀਆਂ ਦੇ ਲੈਣ-ਦੇਣ ਦੇ ਸਿਲਸਿਲੇ ਵਿੱਚ ਮਨਾਲੀ ਗਿਆ ਸੀ। ਪਰਿਵਾਰ ਮੁਤਾਬਕ ਸ਼ਨੀਵਾਰ ਤੱਕ ਮਨਦੀਪ ਨਾਲ ਗੱਲਬਾਤ ਹੋ ਰਹੀ ਸੀ, ਪਰ ਐਤਵਾਰ ਸ਼ਾਮ ਤੋਂ ਉਸਦਾ ਫੋਨ ਬੰਦ ਹੋ ਗਿਆ। ਜਦੋਂ ਪਰਿਵਾਰ ਨੇ ਉਸਦੇ ਦੋਸਤਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਲਜ਼ਾਮ ਹੈ ਕਿ ਦੋਸਤਾਂ ਨੇ ਵੀਡੀਓ ਕਾਲ ਰਾਹੀਂ ਮਨਦੀਪ ਨੂੰ ਸੁੱਤਾ ਹੋਇਆ ਦਿਖਾ ਕੇ ਪਰਿਵਾਰ ਨੂੰ ਗੁੰਮਰਾਹ ਕੀਤਾ, ਜਦਕਿ ਉਸ ਸਮੇਂ ਉਸਦੀ ਹਾਲਤ ਬਹੁਤ ਨਾਜ਼ੁਕ ਸੀ।
ਜਾਣਕਾਰੀ ਅਨੁਸਾਰ ਮਨਾਲੀ ਵਿੱਚ ਕਾਰ ਦੀ ਟੱਕਰ ਨੂੰ ਲੈ ਕੇ ਕੁਝ ਅਣਪਛਾਤੇ ਲੋਕਾਂ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ, ਜਿਸ ਵਿੱਚ ਮਨਦੀਪ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਪਰਿਵਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਣ ਦੇ ਬਾਵਜੂਦ ਰੋਹਿਤ ਅਤੇ ਅਜੇ ਨੇ ਮਨਦੀਪ ਨੂੰ ਤੁਰੰਤ ਹਸਪਤਾਲ ਨਹੀਂ ਪਹੁੰਚਾਇਆ। ਜਦੋਂ ਹਾਲਤ ਜ਼ਿਆਦਾ ਵਿਗੜ ਗਈ ਤਾਂ ਉਸਨੂੰ ਮੰਡੀ ਦੇ ਇੱਕ ਡਾਕਟਰ ਕੋਲ ਲਿਜਾਇਆ ਗਿਆ, ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਦੇ ਫੋਰਟਿਸ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਮਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ।
ਮਨਦੀਪ ਦੇ ਭਰਾ ਅਮਰਦੀਪ ਸ਼ਰਮਾ ਦੀ ਸ਼ਿਕਾਇਤ ‘ਤੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਦੋਵਾਂ ਦੋਸਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦਾ ਮੰਨਣਾ ਹੈ ਕਿ ਜੇਕਰ ਦੋਸਤ ਸਮੇਂ ਸਿਰ ਮਨਦੀਪ ਨੂੰ ਇਲਾਜ ਦਿਵਾ ਦਿੰਦੇ ਤਾਂ ਉਸਦੀ ਜਾਨ ਬਚ ਸਕਦੀ ਸੀ। ਫਿਲਹਾਲ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
