ਸ੍ਰੀ ਅਨੰਦਪੁਰ ਸਾਹਿਬ ਵਿਖੇ ਤੀਆਂ ਦੇ ਖਾਸ ਤਿਓਹਾਰ ਨੂੰ ਲੈ ਕੇ ਕਰਵਾਏ ਗਏ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਇਹ ਸਮਾਗਮ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਮੁੱਚੀ ਟੀਮ ਵੱਲੋਂ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ ਹਲਕੇ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਭੈਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਹੋਏ ਤੀਆਂ ਦਾ ਤਿਓਹਾਰ ਖੁਸ਼ੀ ਅਤੇ ਚਾਵਾਂ ਨਾਲ ਮਨਾਇਆ।
ਡਾ. ਗੁਰਪ੍ਰੀਤ ਕੌਰ ਨੇ ਸਮਾਗਮ ਦੌਰਾਨ ਬੀਬੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ ਤੇ ਸਤਿਕਾਰ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਅਜਿਹੇ ਸਮਾਗਮ ਬਹੁਤ ਮਹੱਤਵਪੂਰਨ ਹਨ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੀਆਂ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਸਾਰੀਆਂ ਬੀਬੀਆਂ-ਭੈਣਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੌਕੇ ਆਪਣਾ ਪਿਆਰ ਅਤੇ ਸਤਿਕਾਰ ਦਿੱਤਾ।
ਸਮਾਗਮ ਦੌਰਾਨ ਪੰਜਾਬੀ ਲੋਕ ਗੀਤਾਂ, ਗਿੱਧੇ ਅਤੇ ਰਵਾਇਤੀ ਰੰਗਾਂ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਤੀਆਂ ਦੇ ਇਸ ਮੇਲੇ ਨੇ ਪੰਜਾਬੀ ਸੱਭਿਆਚਾਰ ਅਤੇ ਮਹਿਲਾਵਾਂ ਦੀ ਭਾਗੀਦਾਰੀ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ
