ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਚੱਲ ਰਹੇ ਲਾਈਵ ਸ਼ੋਅ ਦੌਰਾਨ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ 3 ਸਤੰਬਰ ਨੂੰ 185 ਫਰੈਡਰਿਕ ਰੋਡ ਸੀਟਨ ਦੇ ਹਾਲ ਵਿੱਚ ਕੁਝ ਨੌਜਵਾਨ ਆਪਸ ਵਿੱਚ ਭਿੜ ਗਏ। ਇਸ ਝਗੜੇ ਕਾਰਨ ਹਾਲ ਵਿੱਚ ਕੁਝ ਸਮੇਂ ਲਈ ਤਣਾਅਪੂਰਨ ਮਾਹੌਲ ਬਣ ਗਿਆ, ਜਿਸ ਨੂੰ ਕਾਬੂ ਕਰਨ ਲਈ ਮੌਕੇ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਪੁਲਿਸ ਸੱਦਣੀ ਪਈ।
‘ਏਸ ਇਵੈਂਟਸ ਆਸਟ੍ਰੇਲੀਆ’ ਦੇ ਮੁੱਖ ਪ੍ਰਬੰਧਕਾਂ ਤੁਸ਼ਾਰ ਰਾਏ ਅਤੇ ਜਤਿਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹਾਲ ਪ੍ਰਬੰਧਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਰੁਖ ਅਪਨਾਇਆ। ਸਕਿਓਰਟੀ ਰਿਪੋਰਟ ਦੇ ਆਧਾਰ ‘ਤੇ ਪ੍ਰਬੰਧਕਾਂ ਨੇ 4 ਸਤੰਬਰ ਨੂੰ ਹੋਣ ਵਾਲੇ ਦੂਜੇ ਸ਼ੋਅ ਲਈ ਹਾਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਸਮਾਗਮ ਆਖਰੀ ਮੌਕੇ ਮੁਲਤਵੀ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਬੱਬੂ ਮਾਨ ਦਾ ਇਹ ਐਡੀਲੇਡ ਸ਼ੋਅ ਪਹਿਲਾਂ 1 ਅਗਸਤ ਨੂੰ ਹੋਣਾ ਸੀ, ਜੋ ਮੁਲਤਵੀ ਹੋਣ ਤੋਂ ਬਾਅਦ 3 ਅਤੇ 4 ਸਤੰਬਰ ਲਈ ਤੈਅ ਕੀਤਾ ਗਿਆ ਸੀ। ਪਹਿਲੇ ਦਿਨ ਸ਼ੋਅ ਦੌਰਾਨ ਵਾਪਰੀ ਅਣਸੁਖਾਵੀਂ ਘਟਨਾ ਕਰਕੇ ਦੂਜਾ ਸ਼ੋਅ ਵੀ ਰੱਦ ਹੋਣ ਨਾਲ ਪ੍ਰਸ਼ੰਸਕਾਂ ਵਿੱਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਇਸ ਘਟਨਾ ਤੋਂ ਬਾਅਦ ਪ੍ਰਬੰਧਕਾਂ ਅਤੇ ਆਗੂਆਂ ਨੇ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਖਾਸ ਕਰਕੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਵੱਡੇ ਸਮਾਗਮਾਂ ਵਿੱਚ ਸ਼ਾਂਤੀ, ਸੰਜਮ ਅਤੇ ਅਨੁਸ਼ਾਸਨ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਕੁਝ ਕੁ ਵਿਅਕਤੀਆਂ ਦੀ ਅਣਗਹਿਲੀ ਜਾਂ ਲੜਾਈ-ਝਗੜੇ ਕਾਰਨ ਨਾ ਸਿਰਫ਼ ਕਲਾਕਾਰਾਂ ਅਤੇ ਪ੍ਰਬੰਧਕਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਸਮੁੱਚੇ ਭਾਈਚਾਰੇ ਦਾ ਅਕਸ ਵੀ ਖਰਾਬ ਹੁੰਦਾ ਹੈ।
