ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ‘ਸੰਸਦ ਰਤਨ ਐਵਾਰਡ 2025’

ਜਲੰਧਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ 17 ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਸੰਸਦੀ ਪ੍ਰਦਰਸ਼ਨ ਲਈ ‘ਸੰਸਦ ਰਤਨ ਐਵਾਰਡ 2025’ ਨਾਲ ਸਨਮਾਨਿਤ ਕੀਤਾ ਜਾਵੇਗਾ।

ਪ੍ਰਧਾਨ ਪ੍ਰਾਈਮ ਪੁਆਇੰਟ ਫਾਊਂਡੇਸ਼ਨ ਵੱਲੋਂ ਸਥਾਪਿਤ ਇਹ ਪੁਰਸਕਾਰ ਸੰਸਦ ਵਿੱਚ ਮੈਂਬਰਾਂ ਦੇ ਕੰਮਕਾਜ ਦੀ ਡੇਟਾ-ਅਧਾਰਤ ਸਮੀਖਿਆ ਦੇ ਆਧਾਰ ਉੱਤੇ ਦਿੱਤੇ ਜਾਂਦੇ ਹਨ। ਜੇਤੂਆਂ ਦੀ ਚੋਣ ਪੱਛੜੇ ਵਰਗਾਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਹੰਸਰਾਜ ਅਹੀਰ ਦੀ ਅਗਵਾਈ ਹੇਠ ਬਣੀ ਜਿਊਰੀ ਕਮੇਟੀ ਨੇ ਕੀਤੀ ਹੈ। ਇਸ ਐਵਾਰਡ ਲਈ ਸੰਸਦੀ ਬਹਿਸਾਂ ਵਿੱਚ ਸਰਗਰਮ ਹਿੱਸੇਦਾਰੀ, ਲੋਕਹਿੱਤ ਦੇ ਮੁੱਦੇ ਉਠਾਉਣਾ ਅਤੇ ਵਿਧਾਨਕ ਕਾਰਜਾਂ ਵਿੱਚ ਯੋਗਦਾਨ ਨੂੰ ਮੁੱਖ ਮਾਪਦੰਡ ਬਣਾਇਆ ਗਿਆ ਹੈ।

ਚਰਨਜੀਤ ਸਿੰਘ ਚੰਨੀ, ਜੋ ਕਿ ਖੇਤੀਬਾੜੀ ਬਾਰੇ ਸਥਾਈ ਕਮੇਟੀ ਦੇ ਚੇਅਰਪਰਸਨ ਵੀ ਹਨ, ਨੂੰ ਸੰਸਦ ਵਿੱਚ ਕਿਸਾਨੀ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਖੇਤੀਬਾੜੀ ਖੇਤਰ ਵਿੱਚ ਸੁਧਾਰਾਂ ਲਈ ਠੋਸ ਸੁਝਾਅ ਦੇਣ ਬਦਲੇ ਵਿਸ਼ੇਸ਼ ਤੌਰ ‘ਤੇ ਸਰਾਹਿਆ ਗਿਆ ਹੈ।

ਇਸ ਮੌਕੇ ਹੰਸਰਾਜ ਅਹੀਰ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਸੰਸਦ ਮੈਂਬਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹਨ, ਜਿਨ੍ਹਾਂ ਨੇ ਦੇਸ਼ ਦੇ ਜਮਹੂਰੀ ਅਮਲ ਅਤੇ ਸੰਸਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।