ਪੰਜਾਬ ਕਾਂਗਰਸ ’ਚ ਅੰਦਰੂਨੀ ਖਿੱਚੋਤਾਣ ਤੇਜ਼! ਚੰਨੀ ਨੇ ਦਿੱਲੀ ਦੀ ਅਹਿਮ ਮੀਟਿੰਗ ਤੋਂ ਬਣਾਈ ਦੂਰੀ, ਸਚਿਨ ਪਾਇਲਟ ਅਗਲੇ ਹਫ਼ਤੇ ਪੰਜਾਬ ਦੌਰੇ ’ਤੇ

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਵਿੱਚ ਬਦਲਾਅ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਸੋਮਵਾਰ ਨੂੰ ਦਿੱਲੀ ਵਿੱਚ ਪਾਰਟੀ ਵੱਲੋਂ ਬੁਲਾਈ ਗਈ ਅਹਿਮ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨਾਲ ਇਹ ਮੀਟਿੰਗ ਸੱਦੀ ਗਈ ਸੀ। ਚੰਨੀ ਦੀ ਗੈਰਹਾਜ਼ਰੀ ਨੂੰ ਪੰਜਾਬ ਕਾਂਗਰਸ ਅੰਦਰਲੇ ਧੜੇਬੰਦੀ ਵਾਲੇ ਸਿਆਸੀ ਮਾਹੌਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪਾਰਟੀ ਵੱਲੋਂ ਚੰਨੀ ਦੇ ਮੀਟਿੰਗ ਵਿੱਚ ਨਾ ਪਹੁੰਚਣ ਦਾ ਕੋਈ ਅਧਿਕਾਰਤ ਕਾਰਨ ਜਾਰੀ ਨਹੀਂ ਕੀਤਾ ਗਿਆ।

ਮੀਟਿੰਗ ਵਿੱਚ ਪਾਰਟੀ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਸਮੇਤ ਹੋਰ ਆਗੂ ਮੌਜੂਦ ਰਹੇ। ਇਸ ਦੌਰਾਨ ਪੰਜਾਬ ਕਾਂਗਰਸ ਵਿੱਚ ਸੂਬਾ ਇੰਚਾਰਜ ਦੀ ਤਬਦੀਲੀ ਤੋਂ ਬਾਅਦ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।

ਪਾਇਲਟ ਦੇ ਪੰਜਾਬ ਦੌਰੇ ’ਤੇ ਨਜ਼ਰ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਨਿਯੁਕਤੀ ਤੋਂ ਬਾਅਦ ਹੁਣ ਉਨ੍ਹਾਂ ਦੇ ਅਗਲੇ ਹਫ਼ਤੇ ਪੰਜਾਬ ਦੌਰੇ ਦੀ ਉਮੀਦ ਹੈ। ਪਾਇਲਟ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਸੰਗਠਨ ਦੀ ਸਥਿਤੀ ਬਾਰੇ ਫੀਡਬੈਕ ਲੈਣ ਦੀ ਸੰਭਾਵਨਾ ਹੈ।

ਨਵੇਂ ਇੰਚਾਰਜ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇੱਕ ਮੰਚ ’ਤੇ ਲਿਆਉਣਾ ਅਤੇ ਸੰਗਠਨ ਨੂੰ ਮਜ਼ਬੂਤ ਕਰਨਾ ਮੰਨੀ ਜਾ ਰਹੀ ਹੈ।

ਜਲੰਧਰ ਦੇ ਪ੍ਰਦਰਸ਼ਨ ’ਚ ਚੰਨੀ ਰਹੇ ਮੌਜੂਦ

ਦਿਲਚਸਪ ਗੱਲ ਇਹ ਹੈ ਕਿ ਜਿੱਥੇ ਚੰਨੀ ਦਿੱਲੀ ਵਿੱਚ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਗੈਰਹਾਜ਼ਰ ਰਹੇ, ਉੱਥੇ ਉਹ ਜਲੰਧਰ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਹ ਪ੍ਰਦਰਸ਼ਨ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਜੁੜੇ ਕਥਿਤ ‘ਪਿਊਰੀਫਿਕੇਸ਼ਨ’ ਵਿਵਾਦ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ।

ਚੰਨੀ ਦੀ ਦਿੱਲੀ ਮੀਟਿੰਗ ਤੋਂ ਗੈਰਹਾਜ਼ਰੀ ਅਤੇ ਉਸੇ ਦਿਨ ਪੰਜਾਬ ਵਿੱਚ ਪਾਰਟੀ ਦੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਨਜ਼ਰ ਇਸ ਗੱਲ ’ਤੇ ਹੈ ਕਿ ਸਚਿਨ ਪਾਇਲਟ ਦੇ ਪੰਜਾਬ ਦੌਰੇ ਤੋਂ ਬਾਅਦ ਕਾਂਗਰਸ ਦੀ ਅੰਦਰੂਨੀ ਸਿਆਸਤ ਕਿਸ ਦਿਸ਼ਾ ਵੱਲ ਜਾਂਦੀ ਹੈ