ਲੱਦਾਖ ਦੇ ਜ਼ਿਲ੍ਹੇ ਲੇਹ ਵਿਚ ਫ਼ੌਜ ਦਾ ਇਕ ਵਾਹਨ ਡੂੰਘੀ ਖੱਡ ਵਿਚ ਡਿੱਗ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ । ਇਸ ਹਾਦਸੇ ਵਿੱਚ 9 ਸੈਨਿਕ ਸ਼ਹੀਦ ਹੋ ਗਏ ਅਤੇ ਇਕ ਹੋਰ ਸੈਨਿਕ ਗੰਭੀਰ ਜ਼ਖਮੀ ਹੈ। ਲੇਹ ਦੇ ਐੱਸਐੱਸਪੀ ਪੀਡੀ ਨਿੱਤਿਆ ਨੇ ਦੱਸਿਆ ਕਿ ਵਾਹਨ ’ਚ 10 ਸੈਨਿਕ ਸਨ ਅਤੇ ਉਹ ਲੇਹ ਤੋਂ ਨਯੋਮਾ ਜਾ ਰਹੇ ਸਨ ਤਾਂ ਇਸ ਦੋਰਾਨ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਗੱਡੀ ਖੱਡ ਵਿਚ ਜਾ ਡਿੱਗੀ।
ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਸਾਰੇ ਫੱਟੜ ਸੈਨਿਕਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ, ਜਿੱਥੇ 8 ਸੈਨਿਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਹੋਰ ਦੀ ਮਗਰੋਂ ਮੌਤ ਹੋ ਗਈ। ਜ਼ਖ਼ਮੀ ਜਵਾਨ ਦਾ ਇਲਾਜ ਚੱਲ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
