ਈਰਾਨ ਵਿਰੁੱਧ ਜੰਗ 5 ਹਫ਼ਤਿਆਂ ਤੱਕ ਜਾਰੀ ਰਹਿਣ ਦੀ ਉਮੀਦ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਵਿਰੁੱਧ ਚੱਲ ਰਹੀ ਸਾਂਝੀ ਫੌਜੀ ਕਾਰਵਾਈ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਟਰੰਪ ਮੁਤਾਬਕ ਅਮਰੀਕਾ ਅਤੇ ਇਜ਼ਰਾਈਲ ਦੀ ਇਹ ਮੁਹਿੰਮ ਅਗਲੇ 4 ਤੋਂ 5 ਹਫ਼ਤਿਆਂ ਤੱਕ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਈਰਾਨ ਇੱਕ ਵੱਡਾ ਦੇਸ਼ ਹੈ, ਪਰ ਇਹ ਪ੍ਰਕਿਰਿਆ ਜਲਦੀ ਮੁਕੰਮਲ ਕਰ ਲਈ ਜਾਵੇਗੀ

ਸਾਡੇ ਕੋਲ ਹਥਿਆਰਾਂ ਦੇ ਵੱਡੇ ਭੰਡਾਰ
‘ਨਿਊਯਾਰਕ ਟਾਈਮਜ਼’ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਹਮਲੇ ਨੂੰ ਜਾਰੀ ਰੱਖਣਾ ਮੁਸ਼ਕਲ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਕੋਲ ਦੁਨੀਆ ਭਰ ਵਿੱਚ ਗੋਲਾ-ਬਾਰੂਦ ਦੇ ਵੱਡੇ ਭੰਡਾਰ ਮੌਜੂਦ ਹਨ। ਹਾਲਾਂਕਿ, ਉਨ੍ਹਾਂ ਨੇ ਰੱਖਿਆ ਮੰਤਰਾਲੇ (ਪੈਂਟਾਗਨ) ਦੀਆਂ ਉਨ੍ਹਾਂ ਚਿੰਤਾਵਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਸ ਜੰਗ ਨਾਲ ਅਮਰੀਕਾ ਦੇ ਉਹ ਭੰਡਾਰ ਖਾਲੀ ਹੋ ਸਕਦੇ ਹਨ ਜੋ ਤਾਇਵਾਨ ਜਾਂ ਰੂਸ ਵਰਗੇ ਸੰਭਾਵੀ ਖਤਰਿਆਂ ਲਈ ਰੱਖੇ ਗਏ ਹਨ।

ਈਰਾਨੀ ਲੀਡਰਸ਼ਿਪ ਦਾ ਸਫਾਇਆ
ਟਰੰਪ ਨੇ ਦਾਅਵਾ ਕੀਤਾ ਕਿ ਹਮਲੇ ਉਮੀਦ ਤੋਂ ਕਿਤੇ ਜ਼ਿਆਦਾ ਸਫਲ ਰਹੇ ਹਨ। ਉਨ੍ਹਾਂ ਕਿਹਾ:

50 ਦੇ ਕਰੀਬ ਈਰਾਨੀ ਆਗੂ ਹੁਣ ਤੱਕ ਮਾਰੇ ਜਾ ਚੁੱਕੇ ਹਨ।

ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੇਈ ਦੀ ਮੌਤ ‘ਤੇ ਟਰੰਪ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ।”

ਟਰੰਪ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਈਰਾਨ ਦੀ ਕਮਾਨ ਸੰਭਾਲਣ ਲਈ 3 ਨਾਮ ਸਨ, ਪਰ ਸ਼ਨੀਵਾਰ ਦੇ ਭਾਰੀ ਹਮਲਿਆਂ ਵਿੱਚ ਉਹ ਸਾਰੇ ਸੰਭਾਵੀ ਉਮੀਦਵਾਰ ਮਾਰੇ ਗਏ ਹਨ। ਉਨ੍ਹਾਂ ਮਜ਼ਾਕੀਆ ਲਹਿਜੇ ਵਿੱਚ ਕਿਹਾ, “ਹੁਣ ਉਹ ਕੋਈ ਨਹੀਂ ਹੋਵੇਗਾ ਜਿਸ ਬਾਰੇ ਅਸੀਂ ਸੋਚ ਰਹੇ ਸੀ, ਕਿਉਂਕਿ ਉਹ ਸਭ ਖਤਮ ਹੋ ਚੁੱਕੇ ਹਨ।”

ਅਮਰੀਕੀ ਫੌਜੀਆਂ ਦੀ ਮੌਤ ‘ਤੇ ਜਤਾਇਆ ਦੁੱਖ
ਰਾਸ਼ਟਰਪਤੀ ਨੇ ਪੁਸ਼ਟੀ ਕੀਤੀ ਕਿ ਇਸ ਮੁਹਿੰਮ ਦੌਰਾਨ ਹੁਣ ਤੱਕ 3 ਅਮਰੀਕੀ ਫੌਜੀ ਮਾਰੇ ਗਏ ਹਨ ਅਤੇ 5 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜੰਗ ਵਿੱਚ ਹੋਰ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਪਰ ਉਹ ਇਸ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ

ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ 2024 ਵਿੱਚ ਅਮਰੀਕੀ ਨਿਆਂ ਵਿਭਾਗ ਨੇ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਈਰਾਨੀ ਅਧਿਕਾਰੀਆਂ ਨੇ ਡੋਨਾਲਡ ਟਰੰਪ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਟਰੰਪ ਨੇ ਮੌਜੂਦਾ ਫੌਜੀ ਕਾਰਵਾਈ ਨੂੰ ਉਸੇ ਦਾ ਜਵਾਬ ਅਤੇ ਈਰਾਨੀ ਖਤਰੇ ਨੂੰ ਖਤਮ ਕਰਨ ਦਾ ਇੱਕ ਤਰੀਕਾ ਦੱਸਿਆ ਹੈ