ਚੰਡੀਗੜ੍ਹ: ਭਾਰਤ ਦੀ ਰੋਜ਼ਾਨਾ ਜ਼ਿੰਦਗੀ ਅਤੇ ਇੱਥੋਂ ਦੇ ਲੋਕਾਂ ਨੂੰ ਨੇੜਿਓਂ ਸਮਝਣ ਲਈ ਆਸਟ੍ਰੇਲੀਆ ਦੇ ਭਾਰਤ ’ਚ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਨਵੀਂ ਦਿੱਲੀ ਤੋਂ ਚੰਡੀਗੜ੍ਹ ਤੱਕ ਸਫ਼ਰ ਕੀਤਾ। ਉਨ੍ਹਾਂ ਨੇ 9 ਸਤੰਬਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਰੇਲ ਯਾਤਰਾ ਦੀ ਵੀਡੀਓ ਸਾਂਝੀ ਕਰਕੇ ਆਪਣਾ ਤਜਰਬਾ ਦੱਸਿਆ।
ਵੀਡੀਓ ਵਿੱਚ ਫਿਲਿਪ ਗ੍ਰੀਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਭਾਰਤ ਯਾਤਰਾ ਦੌਰਾਨ ਕਹੀ ਗੱਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਮਈ 2026 ਵਿੱਚ ਭਾਰਤ ਦੌਰੇ ਦੌਰਾਨ ਅਲਬਨੀਜ਼ ਨੇ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਭਾਰਤ ਨੂੰ ਅਸਲ ਰੂਪ ਵਿੱਚ ਸਮਝਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਥੇ ਬੱਸ ਜਾਂ ਟਰੇਨ ਰਾਹੀਂ ਸਫ਼ਰ ਜ਼ਰੂਰ ਕਰਨਾ ਚਾਹੀਦਾ ਹੈ।
ਟਰੇਨ ’ਚ ਲੋਕਾਂ ਨਾਲ ਗੱਲਬਾਤ ਦਾ ਮਿਲਦਾ ਹੈ ਮੌਕਾ
ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਫਿਲਿਪ ਗ੍ਰੀਨ ਨੇ ਕਿਹਾ ਕਿ ਭਾਰਤ ਵਿੱਚ ਟਰੇਨ ਯਾਤਰਾ ਸਿਰਫ਼ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਾਧਨ ਨਹੀਂ, ਸਗੋਂ ਲੋਕਾਂ ਨੂੰ ਜਾਣਨ ਅਤੇ ਦੇਸ਼ ਦੀ ਅਸਲ ਤਸਵੀਰ ਨੂੰ ਮਹਿਸੂਸ ਕਰਨ ਦਾ ਵੀ ਵਧੀਆ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਟਰੇਨ ਵਿੱਚ ਸਫ਼ਰ ਦੌਰਾਨ ਵੱਖ-ਵੱਖ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ ਅਤੇ ਗੱਲਬਾਤ ਰਾਹੀਂ ਭਾਰਤ ਨੂੰ ਹੋਰ ਨੇੜਿਓਂ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਹੱਸਦਿਆਂ ਕਿਹਾ ਕਿ ਗੱਲਬਾਤ ਦੌਰਾਨ ਅਕਸਰ ਕ੍ਰਿਕਟ ਦਾ ਜ਼ਿਕਰ ਵੀ ਹੋ ਜਾਂਦਾ ਹੈ। ਕਈ ਵਾਰ ਭਾਰਤੀ ਪਰਿਵਾਰ ਪਿਆਰ ਨਾਲ ਉਨ੍ਹਾਂ ਨੂੰ ਖਾਣਾ ਵੀ ਪੇਸ਼ ਕਰਦੇ ਹਨ।
ਗ੍ਰੀਨ ਨੇ ਕਿਹਾ ਕਿ ਭਾਰਤ ਦੀਆਂ ਟਰੇਨਾਂ ਵਿੱਚ ਲੋਕਾਂ ਦੀ ਇਹ ਗਰਮਜੋਸ਼ੀ ਅਤੇ ਆਪਸੀ ਸਾਂਝ ਇਸ ਯਾਤਰਾ ਨੂੰ ਖਾਸ ਬਣਾਉਂਦੀ ਹੈ।
ਪੰਜਾਬ ਤੇ ਹਰਿਆਣਾ ਨਾਲ ਸਬੰਧ ਮਜ਼ਬੂਤ ਕਰਨ ਦੀ ਉਮੀਦ
ਆਸਟ੍ਰੇਲੀਆਈ ਹਾਈ ਕਮਿਸ਼ਨਰ ਨੇ ਇਸ ਮੌਕੇ ਪੰਜਾਬ ਅਤੇ ਹਰਿਆਣਾ ਵਿੱਚ ਨਵੇਂ ਮੌਕਿਆਂ ਦੀ ਖੋਜ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਵੀ ਜ਼ਾਹਰ ਕੀਤੀ
ਉਨ੍ਹਾਂ ਦੀ ਇਹ ਰੇਲ ਯਾਤਰਾ ਭਾਰਤ ਦੇ ਆਮ ਜੀਵਨ, ਲੋਕਾਂ ਦੀ ਮਹਿਮਾਨਨਵਾਜ਼ੀ ਅਤੇ ਰੋਜ਼ਾਨਾ ਦੇ ਤਜਰਬਿਆਂ ਨੂੰ ਸਮਝਣ ਦੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ।
ਅਲਬਨੀਜ਼ ਨੇ ਵੀ ਸਾਂਝਾ ਕੀਤਾ ਸੀ ਭਾਰਤ ਦਾ ਪੁਰਾਣਾ ਤਜਰਬਾ
ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ 1991 ਦੇ ਭਾਰਤ ਦੌਰੇ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਉਸ ਸਮੇਂ ਉਨ੍ਹਾਂ ਨੇ ਦੇਸ਼ ਨੂੰ ਇੱਕ ਬੈਕਪੈਕਰ ਵਜੋਂ ਦੇਖਿਆ ਸੀ। ਉਨ੍ਹਾਂ ਮੁਤਾਬਕ ਭਾਰਤ ਨੂੰ ਡੂੰਘਾਈ ਨਾਲ ਸਮਝਣ ਲਈ ਇੱਥੇ ਬੱਸ ਜਾਂ ਟਰੇਨ ਰਾਹੀਂ ਸਫ਼ਰ ਕਰਨਾ ਇੱਕ ਵਿਲੱਖਣ ਤਜਰਬਾ ਹੈ।
ਇਸੇ ਵਿਚਾਰ ਨੂੰ ਅੱਗੇ ਵਧਾਉਂਦਿਆਂ ਫਿਲਿਪ ਗ੍ਰੀਨ ਦੀ ਸ਼ਤਾਬਦੀ ਯਾਤਰਾ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਦੇ ਨਾਲ-ਨਾਲ ਭਾਰਤੀ ਰੇਲ ਯਾਤਰਾ ਦੀ ਸਾਦਗੀ ਅਤੇ ਲੋਕਾਂ ਦੀ ਗਰਮਜੋਸ਼ੀ ਨੂੰ ਵੀ ਉਜਾਗਰ ਕੀਤਾ ਹੈ
