ਚੰਡੀਗੜ੍ਹ: ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਨੂੰ ਆਪਣੇ ਲਈ ਖ਼ਾਸ ਅਤੇ ਯਾਦਗਾਰੀ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਪੋਸਟ ਸਾਂਝੀ ਕਰਦਿਆਂ ਪੰਜਾਬ ਦੇ ਭਵਿੱਖ, ਤਰੱਕੀ ਅਤੇ ਸੂਬੇ ਦੀ ਅਮੀਰ ਵਿਰਾਸਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਮਨਪ੍ਰੀਤ ਬਾਦਲ ਨੇ ਦੱਸਿਆ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਪਰਿਵਾਰ ਲਈ ਅਹਿਮ ਨਿੱਜੀ ਪਲ ਦੀ ਖ਼ੁਸ਼ੀ ਸਾਂਝੀ ਕਰਨ ਦੇ ਨਾਲ-ਨਾਲ ਪੰਜਾਬ ਦੇ ਮੁੱਦਿਆਂ ਬਾਰੇ ਵੀ ਵਿਚਾਰ ਹੋਏ। ਉਨ੍ਹਾਂ ਦੇ ਸੰਦੇਸ਼ ਵਿੱਚ ਪੰਜਾਬ ਦੀ ਬਿਹਤਰੀ ਅਤੇ ਸੂਬੇ ਨੂੰ ਮੁੜ ਮਾਣਮੱਤਾ ਸਥਾਨ ਦਿਵਾਉਣ ਦੀ ਇੱਛਾ ਸਪੱਸ਼ਟ ਨਜ਼ਰ ਆਈ।
ਪੰਜਾਬ ਦੀ ਤਰੱਕੀ ਅਤੇ ਲੋਕਾਂ ਦੇ ਮਾਣ-ਸਨਮਾਨ ‘ਤੇ ਦਿੱਤਾ ਜ਼ੋਰ
ਮਨਪ੍ਰੀਤ ਬਾਦਲ ਨੇ ਪੰਜਾਬ ਨਾਲ ਆਪਣੇ ਜਜ਼ਬਾਤੀ ਰਿਸ਼ਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਲਈ ਸਿਰਫ਼ ਇੱਕ ਭੂਗੋਲਿਕ ਖੇਤਰ ਨਹੀਂ, ਸਗੋਂ ਦਿਲ ਦੀ ਧੜਕਣ ਵਾਂਗ ਹੈ। ਉਨ੍ਹਾਂ ਨੇ ਅਜਿਹੇ ਭਵਿੱਖ ਦੀ ਕਾਮਨਾ ਕੀਤੀ, ਜਿੱਥੇ ਪੰਜਾਬ ਦੀ ਧਰਤੀ ਖ਼ੁਸ਼ਹਾਲੀ ਨਾਲ ਭਰੀ ਹੋਵੇ, ਲੋਕ ਸਵੈਮਾਣ ਨਾਲ ਜ਼ਿੰਦਗੀ ਬਤੀਤ ਕਰਨ ਅਤੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੋਰ ਪ੍ਰਫੁੱਲਤ ਹੋਵੇ।
ਪੰਜਾਬ ਨੂੰ ਮੁੜ ਦੇਸ਼ ਦਾ ਮਾਣ ਬਣਾਉਣ ਦੀ ਇੱਛਾ
ਭਾਜਪਾ ਆਗੂ ਨੇ ਉਮੀਦ ਜਤਾਈ ਕਿ ਪੰਜਾਬ ਮੁੜ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰੇਗਾ ਅਤੇ ਦੇਸ਼ ਵਿੱਚ ਆਪਣੀ ਇਤਿਹਾਸਕ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਪੰਜਾਬ ਨੂੰ ਅਜਿਹੇ ਸੂਬੇ ਵਜੋਂ ਉਭਰਨ ਦੀ ਕਾਮਨਾ ਕੀਤੀ, ਜੋ ਆਪਣੀ ਸ਼ਾਨ, ਸੱਭਿਆਚਾਰ ਅਤੇ ਖ਼ੁਸ਼ਹਾਲੀ ਨਾਲ ਪੂਰੇ ਭਾਰਤ ਲਈ ਪ੍ਰੇਰਣਾ ਬਣੇ
