ਬਟਾਲਾ-ਕਾਹਨੂੰਵਾਨ ਰੋਡ ’ਤੇ ਦਰਦਨਾਕ ਸੜਕ ਹਾਦਸਾ, ਪਿਤਾ-ਪੁੱਤਰ ਦੀ ਮੌਤ, ਬੱਸ ਸਵਾਰੀਆਂ ਜ਼ਖ਼ਮੀ

ਬਟਾਲਾ-ਕਾਹਨੂੰਵਾਨ ਰੋਡ ’ਤੇ ਅੱਡਾ ਮਲਕਪੁਰ ਨੇੜੇ ਅੱਜ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ ਮੌਤ ਹੋ ਗਈ, ਜਦਕਿ ਇੱਕ ਬੱਸ ਵਿੱਚ ਸਵਾਰ ਕਈ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੱਕਰ ਸੰਧੂ ਦੇ ਰਹਿਣ ਵਾਲੇ ਹਰਵਿੰਦਰ ਸਿੰਘ (40) ਪੁੱਤਰ ਸਲਵਿੰਦਰ ਸਿੰਘ ਅਤੇ ਸਲਵਿੰਦਰ ਸਿੰਘ (62) ਪੁੱਤਰ ਸ਼ਿੰਗਾਰਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਕਾਜ ਲਈ ਮੋਟਰਸਾਈਕਲ ’ਤੇ ਬਟਾਲਾ ਜਾ ਰਹੇ ਸਨ। ਜਦੋਂ ਉਹ ਅੱਡਾ ਮਲਕਪੁਰ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸੇ ਦੌਰਾਨ ਪਿੱਛੋਂ ਆ ਰਹੀ ਇੱਕ ਬੱਸ ਨੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ-ਟਰਾਲੀ ਸੜਕ ਕਿਨਾਰੇ ਬਣੇ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਕਈ ਯਾਤਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ।

ਜ਼ਿਕਰਯੋਗ ਹੈ ਕਿ ਸਰਦੀਆਂ ਦੇ ਸ਼ੁਰੂਆਤੀ ਮੌਸਮ ਦੇ ਪਹਿਲੇ ਹੀ ਦਿਨ ਇਸ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਸੜਕ ’ਤੇ ਦਿੱਖ ਕਾਫ਼ੀ ਘੱਟ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।