ਅੰਮ੍ਰਿਤਸਰ ‘ਚ ਲੰਡਨ ਦੀ ਮਾਡਲ ਨਾਲ ਲੁੱਟ-ਖੋਹ! ਵਾਘਾ ਬਾਰਡਰ ਤੋਂ ਪਰਤਦਿਆਂ ਬਾਈਕ ਸਵਾਰ ਨੇ ਝਪਟਿਆ ਡੇਢ ਲੱਖ ਦਾ iPhone 17 Pro Max

ਆਟੋ ਦੀ ਅਗਲੀ ਸੀਟ ‘ਤੇ ਬੈਠੀ ਸੀ ਮਾਡਲ, ਬਿਨਾਂ ਨੰਬਰ ਪਲੇਟ ਵਾਲੀ ਬਾਈਕ ‘ਤੇ ਆਏ ਨੌਜਵਾਨ ਨੇ ਪਲਾਂ ‘ਚ ਮੋਬਾਈਲ ਖੋਹਿਆ

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਵਿੱਚ ਵਾਘਾ ਬਾਰਡਰ ਘੁੰਮ ਕੇ ਵਾਪਸ ਪਰਤ ਰਹੀ ਲੰਡਨ ਦੀ ਮਾਡਲ ਲਾਲੀ ਨਾਲ ਮੋਬਾਈਲ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਰਾਮਤਲਾਈ ਚੌਕ ਨੇੜੇ ਬਿਨਾਂ ਨੰਬਰ ਪਲੇਟ ਵਾਲੀ ਬਾਈਕ ‘ਤੇ ਆਏ ਇੱਕ ਨੌਜਵਾਨ ਨੇ ਉਸ ਦਾ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਵਾਲਾ iPhone 17 Pro Max ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ।

ਮਾਡਲ ਲਾਲੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਕੇ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਹ ਪੰਜਾਬੀ ਅਤੇ ਵਿਦੇਸ਼ੀ ਸੈਲਾਨੀਆਂ ਦੇ ਇੱਕ ਸਮੂਹ ਨਾਲ ਵਾਘਾ ਬਾਰਡਰ ਦੇਖਣ ਗਈ ਸੀ। ਵਾਪਸੀ ਸਮੇਂ ਸਾਰੇ ਆਟੋ ਵਿੱਚ ਗੀਤ ਸੁਣਦੇ ਅਤੇ ਹਾਸਾ-ਮਜ਼ਾਕ ਕਰਦੇ ਆ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੇ ਲੱਸੀ ਦਾ ਆਨੰਦ ਵੀ ਮਾਣਿਆ।

ਲਾਲੀ ਆਟੋ ਦੀ ਅਗਲੀ ਸੀਟ ‘ਤੇ ਬੈਠੀ ਹੋਈ ਸੀ ਅਤੇ ਉਸ ਦਾ ਮਹਿੰਗਾ ਆਈਫੋਨ ਗੋਦ ਵਿੱਚ ਰੱਖਿਆ ਹੋਇਆ ਸੀ। ਇਸੇ ਦੌਰਾਨ ਰਾਮਤਲਾਈ ਚੌਕ ਨੇੜੇ ਬਿਨਾਂ ਨੰਬਰ ਪਲੇਟ ਵਾਲੀ ਬਾਈਕ ‘ਤੇ ਸਵਾਰ ਨੌਜਵਾਨ ਆਇਆ ਅਤੇ ਝਪਟਾ ਮਾਰ ਕੇ ਮੋਬਾਈਲ ਖੋਹ ਕੇ ਫਰਾਰ ਹੋ ਗਿਆ।

ਮੋਬਾਈਲ ਖੋਹਿਆ, ਪਰ ਅੰਮ੍ਰਿਤਸਰ ਵਾਸੀਆਂ ਨੇ ਨਹੀਂ ਛੱਡਿਆ ਸਾਥ

ਇਸ ਘਟਨਾ ਤੋਂ ਬਾਅਦ ਲਾਲੀ ਕਾਫ਼ੀ ਦੁਖੀ ਹੋ ਗਈ, ਕਿਉਂਕਿ ਮੋਬਾਈਲ ਦੇ ਕਵਰ ਵਿੱਚ ਇੱਕ ਮੋਰ ਪੰਖ ਵੀ ਰੱਖਿਆ ਹੋਇਆ ਸੀ। ਇਹ ਉਸ ਨੂੰ ਭਾਰਤ ਵਿੱਚ ਮਿਲੇ ਇੱਕ ਅਣਜਾਣ ਵਿਅਕਤੀ ਨੇ ਤੋਹਫ਼ੇ ਵਜੋਂ ਦਿੱਤਾ ਸੀ, ਜਿਸ ਕਾਰਨ ਉਸ ਲਈ ਇਹ ਸਿਰਫ਼ ਇੱਕ ਫੋਨ ਨਹੀਂ, ਸਗੋਂ ਯਾਦਗਾਰੀ ਚੀਜ਼ ਵੀ ਸੀ।

ਹਾਲਾਂਕਿ, ਇਸ ਔਖੀ ਘੜੀ ਵਿੱਚ ਆਟੋ ਚਾਲਕ ਵਿਕੀ ਨੇ ਇਨਸਾਨੀਅਤ ਦਿਖਾਉਂਦਿਆਂ ਉਸ ਨੂੰ ਵਰਤਣ ਲਈ ਆਪਣਾ ਵਾਧੂ ਮੋਬਾਈਲ ਫੋਨ ਦੇ ਦਿੱਤਾ। ਇਸ ਤੋਂ ਇਲਾਵਾ ਹੋਟਲ ਮਾਲਕ ਵਿਕਾਸ ਨੇ ਅੰਤਰਰਾਸ਼ਟਰੀ ਕਾਲ ਰਾਹੀਂ ਉਸ ਦੀ ਗੱਲ ਮਾਪਿਆਂ ਨਾਲ ਕਰਵਾਈ ਅਤੇ ਪੁਲਿਸ ਸਟੇਸ਼ਨ ਜਾਣ ਵਿੱਚ ਵੀ ਮਦਦ ਕੀਤੀ।

ਦੋਸਤ ਨੇ ਨਵਾਂ ਫੋਨ ਖਰੀਦਣ ਲਈ ਕੀਤੀ ਮਦਦ, ਪੁਣੇ ਦੀ ਫਲਾਈਟ ਵੀ ਕਰਵਾਈ ਬੁੱਕ

ਲਾਲੀ ਨੇ ਦੱਸਿਆ ਕਿ ਉਸ ਦੇ ਦੋਸਤ ਨਦੀਮ ਨੇ ਨਵਾਂ ਮੋਬਾਈਲ ਖਰੀਦਣ ਲਈ ਆਰਥਿਕ ਸਹਾਇਤਾ ਕੀਤੀ। ਇਸ ਦੇ ਨਾਲ ਹੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਪੁਣੇ ਜਾਣ ਵਾਸਤੇ ਉਸ ਦੀ ਫਲਾਈਟ ਟਿਕਟ ਵੀ ਬੁੱਕ ਕਰਵਾਈ।

ਮਾਡਲ ਮੁਤਾਬਕ, ਉਸ ਨੇ ਇਸ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮੋਬਾਈਲ ਖੋਹਣ ਦੀ ਇਸ ਵਾਰਦਾਤ ਨੇ ਜਿੱਥੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਮੁਸੀਬਤ ਸਮੇਂ ਮਦਦ ਲਈ ਅੱਗੇ ਆਏ ਅੰਮ੍ਰਿਤਸਰ ਦੇ ਲੋਕਾਂ ਦੇ ਵਿਹਾਰ ਨੇ ਵਿਦੇਸ਼ੀ ਮਾਡਲ ਦਾ ਦਿਲ ਵੀ ਜਿੱਤ ਲਿਆ।