ਨਿਊਯਾਰਕ ਵਿੱਚ ਭਾਰਤੀ ਭਾਈਚਾਰੇ ਨਾਲ ਦੀਵਾਲੀ ਮਨਾਉਂਦੇ ਨਜ਼ਰ ਆਏ ਮੇਅਰ ਜ਼ੋਹਰਾਨ ਮਮਦਾਨੀ - Punjab Nation TV

ਨਿਊਯਾਰਕ ਵਿੱਚ ਭਾਰਤੀ ਭਾਈਚਾਰੇ ਨਾਲ ਦੀਵਾਲੀ ਮਨਾਉਂਦੇ ਨਜ਼ਰ ਆਏ ਮੇਅਰ ਜ਼ੋਹਰਾਨ ਮਮਦਾਨੀ

ਨਿਊਯਾਰਕ: ਦੀਵਾਲੀ ਦਾ ਤਿਉਹਾਰ ਦੁਨੀਆ ਭਰ ਵਿੱਚ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਵੀ ਭਾਰਤੀ ਭਾਈਚਾਰੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਖ਼ਾਸ ਵੀਡੀਓ ਸਾਂਝੀ ਕਰਕੇ ਨਿਊਯਾਰਕ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।

ਮਮਦਾਨੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਭਾਰਤੀ ਸੱਭਿਆਚਾਰ ਅਤੇ ਦੀਵਾਲੀ ਦੀਆਂ ਰਵਾਇਤਾਂ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ। ਵੀਡੀਓ ਦੀ ਸ਼ੁਰੂਆਤ ਇੱਕ ਮਹਿਲਾ ਵੱਲੋਂ ਫੁੱਲਾਂ ਅਤੇ ਮੋਮਬੱਤੀਆਂ ਨਾਲ ਪੌੜੀਆਂ ਸਜਾਉਣ ਦੇ ਦ੍ਰਿਸ਼ ਨਾਲ ਹੁੰਦੀ ਹੈ। ਇਸ ਤੋਂ ਬਾਅਦ ਕਈ ਲੋਕ ਮਿਲ ਕੇ ਰੰਗਾਂ ਅਤੇ ਫੁੱਲਾਂ ਨਾਲ ਖੂਬਸੂਰਤ ਰੰਗੋਲੀ ਤਿਆਰ ਕਰਦੇ ਦਿਖਾਈ ਦਿੰਦੇ ਹਨ।

ਰੰਗੋਲੀ, ਰਵਾਇਤੀ ਪਹਿਰਾਵੇ ਅਤੇ ਦੀਵਿਆਂ ਨੇ ਮੋਹਿਆ ਮਨ

ਵੀਡੀਓ ਵਿੱਚ ਔਰਤਾਂ ਸਾੜੀਆਂ ਅਤੇ ਸਲਵਾਰ-ਕਮੀਜ਼ ਵਿੱਚ ਨਜ਼ਰ ਆਉਂਦੀਆਂ ਹਨ, ਜਦਕਿ ਸਿੱਖ ਭਾਈਚਾਰੇ ਦੇ ਲੋਕ ਪੱਗਾਂ ਅਤੇ ਨੌਜਵਾਨ ਕੁੜਤੇ ਪਹਿਨ ਕੇ ਇਸ ਜਸ਼ਨ ਵਿੱਚ ਸ਼ਾਮਲ ਹੁੰਦੇ ਹਨ। ਸਾਰਿਆਂ ਨੇ ਮਿਲ ਕੇ ਰੰਗੋਲੀ ਦੇ ਆਲੇ-ਦੁਆਲੇ ਮਿੱਟੀ ਦੇ ਦੀਵੇ ਜਗਾਏ, ਜਿਸ ਨਾਲ ਪੂਰਾ ਮਾਹੌਲ ਰੌਸ਼ਨੀ ਅਤੇ ਖੁਸ਼ੀਆਂ ਨਾਲ ਭਰ ਗਿਆ।

ਇਸ ਖ਼ਾਸ ਮੌਕੇ ‘ਤੇ ਮੇਅਰ ਜ਼ੋਹਰਾਨ ਮਮਦਾਨੀ ਵੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਜਸ਼ਨ ਮਨਾਉਂਦੇ ਦਿਖਾਈ ਦਿੱਤੇ। ਵੀਡੀਓ ਦੇ ਅਖੀਰ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਹੱਥ ਜੋੜਦੇ ਹਨ ਅਤੇ ‘ਹੈਪੀ ਦੀਵਾਲੀ, ਨਿਊਯਾਰਕ!’ ਕਹਿ ਕੇ ਸ਼ੁਭਕਾਮਨਾਵਾਂ ਦਿੰਦੇ ਹਨ।

26 ਲੱਖ ਤੋਂ ਵੱਧ ਵਾਰ ਦੇਖੀ ਗਈ ਵੀਡੀਓ

ਮਮਦਾਨੀ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਨਿਊਯਾਰਕ ਸਿਟੀ ਦੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ।” ਉਨ੍ਹਾਂ ਦੀ ਇਸ ਪਹਿਲ ਨੂੰ ਸੋਸ਼ਲ ਮੀਡੀਆ ‘ਤੇ ਭਰਵਾਂ ਹੁੰਗਾਰਾ ਮਿਲਿਆ। ਵੀਡੀਓ ਨੂੰ ਕੁਝ ਹੀ ਸਮੇਂ ਵਿੱਚ 26 ਲੱਖ ਤੋਂ ਵੱਧ ਵਾਰ ਦੇਖਿਆ ਗਿਆ।

ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਸ਼ਨ ਵੱਖ-ਵੱਖ ਭਾਈਚਾਰਿਆਂ ਨੂੰ ਨੇੜੇ ਲਿਆਉਂਦੇ ਹਨ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਸਨਮਾਨ ਕਰਨ ਦਾ ਸੁਨੇਹਾ ਦਿੰਦੇ ਹਨ। ਮਮਦਾਨੀ ਦੀ ਇਹ ਵੀਡੀਓ ਨਿਊਯਾਰਕ ਵਿੱਚ ਵੱਸਦੇ ਭਾਰਤੀ ਭਾਈਚਾਰੇ ਲਈ ਵੀ ਖ਼ਾਸ ਖੁਸ਼ੀ ਦਾ ਪਲ ਬਣੀ।