ਤਿੰਨਾਂ ਭੈਣਾ ਦੇ ਪਿਆਰ ਦੀ ਖੂਬਸੂਰਤ ਕਹਾਣੀ, ਵਿਦੇਸ਼ ਛੱਡ ਇਕੱਠੀਆਂ ਰਹਿਣ ਦਾ ਕੀਤਾ ਫੈਸਲਾ

ਅਕਸਰ ਹੀ ਦੇਖਿਆ ਜਾਂਦਾ ਹੈ ਜਦੋ ਭੈਣ-ਭਰਾ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਦਾ ਪਿਆਰ ਵੀ ਪਹਿਲਾ ਨਾਲੋਂ ਘੱਟ ਜਾਂਦਾ ਹੈ। ਸੰਗਰੂਰ ਦੀ ਰਹਿਣ ਵਾਲੀਆ ਤਿੰਨ ਭੈਣਾਂ ਨਵਦੀਪ, ਪਰਨੀਤ, ਦਲਜੀਤ ਜਿਹਨਾਂ ਦੇ ਸਰੀਰ ਤਾਂ ਅਲੱਗ ਹਨ ਪਰ ਇਹਨਾਂ ਦਾ ਦਿਲ ਇੱਕ-ਦੂਜੇ ਵਿੱਚ ਧੜਕਦਾ ਹੈ। ਇਹ ਤਿੰਨੇ ਭੈਣਾ ਇੱਕ ਲੰਬੇ ਅਰਸੇ ਤੋ ਬਾਅਦ ਇੱਕ -ਦੂਜੇ ਨੂੰ ਮਿਲੀਆ। ਮਾਪਿਆਂ ਦੀਆਂ ਲਾਡਲੀਆਂ ਤਿੰਨ ਧੀਆਂ, ਬੇਸ਼ੱਕ ਘਰ ‘ਚ ਪੁੱਤ ਨਹੀਂ ਸੀ, ਪਰ ਧੀਆਂ ਨੂੰ ਪੁੱਤਾਂ ਵਾਂਗ ਲਾਡ ਪਿਆਰ ਦਿੱਤਾ, ਤਿੰਨਾਂ ਭੈਣਾਂ ਦਾ ਵੀ ਆਪਸ ‘ਚ ਪਿਆਰ ਇੰਨਾ ਕਿ ਹਮੇਸ਼ਾ ਕੱਠੇ ਰਹਿਣ ਦਾ ਫ਼ੈਸਲਾ ਕਰ ਲਿਆ। ਬੇਸ਼ੱਕ ਤਿੰਨੇ ਭੈਣਾਂ ਕਦੇ ਵੱਖ ਨਹੀਂ ਸਨ ਹੋਣਾ ਚਾਹੁੰਦੀਆਂ, ਪਰ ਸਮਾਜਕ ਰਿਸ਼ਤਿਆਂ ਦੀ ਮਜ਼ਬੂਰੀ ਕਿ ਵੱਡੀ ਭੈਣ ਨਵਦੀਪ ਦਾ ਰਿਸ਼ਤਾ ਵਿਦੇਸ਼ ‘ਚ ਹੋ ਗਿਆ, ਵੱਡੀ ਭੈਣ ਵਿਆਹ ਕਰਵਾ ਲੰਡਨ ਜਾ ਵਸੀ, ਵਿਚਕਾਰਲੀ ਭੈਣ ਪਰਨੀਤ ਦਾ ਘਰ ਚੰਡੀਗੜ੍ਹ ਵਸ ਗਿਆ, ਤੇ ਸਭ ਤੋਂ ਛੋਟੀ ਦਲਜੀਤ ਦਾ ਵਿਆਹ ਲੁਧਿਆਣਾ ‘ਚ ਹੋ ਗਿਆ। ਤਿੰਨੇ ਭੈਣਾਂ ਵੱਖ ਵੱਖ ਹੋ ਗਈਆਂ ਸਨ ਪਰ ਮਨ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸੀ, ਦਿਲ ਹਰ ਵੇਲੇ ਮੁੜ ਇਕੱਠੇ ਰਹਿਣ ਨੂੰ ਲੋਚਦਾ ਰਹਿੰਦਾ। ਇਸੇ ਕਸ਼ਮਕਸ਼ ‘ਚ ਕਰੀਬ 30 ਸਾਲ ਦਾ ਸਮਾਂ ਬੀਤ ਚੁੱਕਾ ਸੀ। ਆਖ਼ਰ ਇੱਕ ਦਿਨ ਤਿੰਨਾਂ ਭੈਣਾਂ ਨੇ ਮੁੜ ਇਕੱਠੇ ਇੱਕ ਛੱਤ ਹੇਠ ਰਹਿਣ ਦਾ ਫ਼ੈਸਲਾ ਕਰ ਲਿਆ, ਵੱਡੀ ਭੈਣ ਜਹਾਜ਼ ਚੜ ਪੰਜਾਬ ਆ ਪਹੁੰਚੀ, ਤਿੰਨਾਂ ਨੇ ਪਹਿਲਾਂ ਤੋਂ ਬਣਾਈ ਸਲਾਹ ਮੁਤਾਬਕ ਇਕੱਠੇ ਰਹਿਣ ਲਈ ਚੰਡੀਗੜ੍ਹ ‘ਚ ਇੱਕ ਬਟੀਕ ਖੋਲ ਲਿਆ, ਇਹਨਾਂ ਦਾ ਇਹ ਬਿਜ਼ਨਸ ਤਿੰਨਾਂ ਨੂੰ ਮੁੜ ਇੱਕ ਛੱਤ ਹੇਠ ਲਿਆਉਣ ਦਾ ਖੂਬਸੂਰਤ ਜ਼ਰੀਆ ਬਣਿਆ। ਤਿੰਨਾਂ ਭੈਣਾਂ ਦੇ ਚੇਹਰਿਆਂ ‘ਤੇ ਬਚਪਨ ਵਾਲਾ ਨੂਰ ਮੁੜ ਪਰਤ ਆਇਆ। ਅੱਜ ਇਹ ਹੋਰਾਂ ਨੂੰ ਵੀ ਰਿਸ਼ਤਿਆਂ ‘ਚ ਪਿਆਰ ਤੇ ਸਤਿਕਾਰ ਦਾ ਸੁਨੇਹਾਂ ਦੇ ਰਹੀਆਂ ਹਨ, ਵੱਡੀ ਭੈਣ ਨਵਦੀਪ ਪੰਜਾਬ ਛੱਡ ਵਿਦੇਸ਼ ਜਾਣ ਵਾਲਿਆਂ ਲਈ ਰਿਵਰਸ ਮਾਇਗਰੇਸ਼ਨ ਦਾ ਸੁਨੇਹਾਂ ਵੀ ਦੇ ਰਹੀ ਹੈ, ਆਪਣੇ ਜ਼ਿੰਦਗੀ ਦੇ ਤਜੁਰਬੇ ‘ਚੋਂ ਓਹ ਦਸਦੇ ਹਨ ਕਿ ਪੰਜਾਬ ਜਿਹਾ ਪਿਆਰ ਤੇ ਸੁਕੂਨ ਦੁਨੀਆਂ ਭਰ ਚ ਕਿਧਰੇ ਨਹੀਂ, ਵਿਦੇਸ਼ ਜਾ ਕੇ ਡਾਲਰ ਪੌਂਡ ਬੇਸ਼ੱਕ ਕਮਾਏ ਜਾ ਸਕਦੇ ਹਨ, ਪਰ ਇਸਦੇ ਬਦਲੇ ਕਈ ਵਾਰ ਰਿਸ਼ਤਿਆਂ ਦੀ ਕੀਮਤ ਚੁਕਾਉਣੀ ਪੈਂਦੀ ਹੈ।

Tags :