ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

ਕੁੱਝ ਦਿਨ ਪਹਿਲਾ ਪੁੰਛ ਵਿੱਚ ਅੱਤਵਾਦੀਆ ਵੱਲੋ ਜਵਾਨਾਂ ਦੀ ਗੱਡੀ ਤੇ ਅੱਤਵਾਦੀ ਹਮਲਾ ਕਰ ਦਿੱਤਾ ਗਿਆ ਸੀ ਜਿਸਦੇ ਕਾਰਨ ਇਸ ਭਿਆਨਕ ਹਾਦਸੇ ਵਿੱਚ 5 ਜਵਾਨਾਂ ਸ਼ਹੀਦ ਹੋ ਗਏ ਸਨ ਅਤੇ 1 ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਹਾਦਸੇ ਵਿੱਚ 4 ਜਵਾਨ ਜੋ ਕਿ ਪੰਜਾਬ ਦੇ ਸਨ ਅਤੇ 1 ਉੱਤਰ-ਪ੍ਰਦੇਸ ਦੇ ਸਨ। ਦੱਸ ਦਈਏ ਕਿ ਇਹਨਾਂ ਜਵਾਨਾਂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਮ ਵਿਦਾਇਗੀ ਦਿੱਤੀ ਗਈ। ਮੋਗਾ ਦੇ ਜਵਾਨ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਚੜਿੱਕ ਵਿਖੇ ਪੁੱਜੀ, ਜਿੱਥੇ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪਿੰਡ ਪਹੁੰਚ ਚੁੱਕੇ ਹਨ। ਮੋਗਾ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਸਨ। ਸ਼ਹੀਦ ਬਲਦੇਵ ਸਿੰਘ ਦੀ ਨੌਕਰੀ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ ਨੂੰ ਦਿੱਤੀ ਗਈ। ਉਹ 14 ਸਾਲ ਪਹਿਲਾਂ ਨੌਕਰੀ ਜੁਆਇਨ ਕੀਤਾ ਸੀ। ਕੁਲਵੰਤ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਕੁਲਵੰਤ ਇੱਕ ਮਹੀਨਾ ਪਹਿਲਾਂ ਛੁੱਟੀ ‘ਤੇ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸਤੋ ਇਲਾਵਾ ਬਟਾਲਾ ਦੇ ਪਿੰਡ ਤਲਵੰਡੀ ਭਰਥ ਵਿੱਚ ਹਰਕ੍ਰਿਸ਼ਨ ਸਿੰਘ ਨੂੰ ਵੀ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ।

Tags :