ਹਿਮਾਚਲ: ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ਦੀ ਸੈਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੀ ਜੇਬ ‘ਤੇ ਅਸਰ ਪਾ ਸਕਦੀ ਹੈ। ਹਿਮਾਚਲ ਸਰਕਾਰ ਨੇ ਵਿੱਤੀ ਸਾਲ 2026-27 ਲਈ ਟੋਲ ਟੈਕਸ ਦੀਆਂ ਨਵੀਆਂ ਦਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਨਿੱਜੀ ਅਤੇ ਵਪਾਰਕ ਵਾਹਨਾਂ ‘ਤੇ ਭਾਰੀ ਵਾਧਾ ਕੀਤਾ ਗਿਆ ਹੈ।
ਨਿੱਜੀ ਵਾਹਨਾਂ ‘ਤੇ ਵੱਡਾ ਬੋਝ
ਪੰਜਾਬ, ਹਰਿਆਣਾ ਅਤੇ ਦਿੱਲੀ ਵਰਗੇ ਰਾਜਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਹੁਣ ਹਿਮਾਚਲ ਵਿੱਚ ਦਾਖਲ ਹੋਣਾ ਮਹਿੰਗਾ ਹੋਵੇਗਾ।
ਨਿੱਜੀ ਗੱਡੀਆਂ: ਹੁਣ 70 ਰੁਪਏ ਦੀ ਬਜਾਏ 170 ਰੁਪਏ ਐਂਟਰੀ ਟੈਕਸ ਦੇਣਾ ਪਵੇਗਾ।
ਪੈਸੰਜਰ ਵਾਹਨ (12+1 ਸੀਟਰ): ਇਹਨਾਂ ਲਈ ਫੀਸ 110 ਰੁਪਏ ਤੋਂ ਵਧਾ ਕੇ 170 ਰੁਪਏ ਕਰ ਦਿੱਤੀ ਗਈ ਹੈ।
ਵਪਾਰਕ ਅਤੇ ਭਾਰੀ ਵਾਹਨਾਂ ਦੀਆਂ ਨਵੀਆਂ ਦਰਾਂ
ਸੂਬਾ ਸਰਕਾਰ ਨੇ ਵਪਾਰਕ ਵਾਹਨਾਂ ਦੇ ਟੈਕਸ ਵਿੱਚ ਵੀ ਵਾਧਾ ਕੀਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮਾਲ ਭਾੜਾ ਵੀ ਵਧ ਸਕਦਾ ਹੈ:
ਭਾਰੀ ਵਾਹਨ: ਹੁਣ 720 ਰੁਪਏ ਦੀ ਥਾਂ 900 ਰੁਪਏ ਵਸੂਲੇ ਜਾਣਗੇ।
ਮਿਨੀ ਬੱਸਾਂ (32 ਸੀਟਰ): ਫੀਸ 180 ਰੁਪਏ ਤੋਂ ਵਧਾ ਕੇ 320 ਰੁਪਏ ਕੀਤੀ ਗਈ।
ਵਪਾਰਕ ਬੱਸਾਂ: ਇਹਨਾਂ ਦੀ ਐਂਟਰੀ ਫੀਸ ਹੁਣ 600 ਰੁਪਏ ਹੋਵੇਗੀ (ਪਹਿਲਾਂ 320 ਰੁਪਏ ਸੀ)।
ਜੇਸੀਬੀ (JCB) ਅਤੇ ਮਸ਼ੀਨਰੀ: ਪਹਿਲਾਂ ਦੇ 570 ਰੁਪਏ ਦੇ ਮੁਕਾਬਲੇ ਹੁਣ 800 ਰੁਪਏ ਦੇਣੇ ਪੈਣਗੇ।
ਟਰੈਕਟਰ: ਇਹਨਾਂ ਲਈ ਫੀਸ 70 ਰੁਪਏ ਤੋਂ ਵਧਾ ਕੇ 100 ਰੁਪਏ ਕਰ ਦਿੱਤੀ ਗਈ ਹੈ
ਹਿਮਾਚਲ ਪ੍ਰਦੇਸ਼ ਵਿੱਚ ਰਜਿਸਟਰਡ ਵਾਹਨਾਂ ਨੂੰ ਇਸ ਐਂਟਰੀ ਟੈਕਸ ਤੋਂ ਛੋਟ ਮਿਲਦੀ ਰਹੇਗੀ। ਇਸ ਤੋਂ ਇਲਾਵਾ ਡਬਲ ਐਕਸਲ ਬੱਸਾਂ ਅਤੇ ਟਰੱਕਾਂ ਦਾ ਟੋਲ 570 ਰੁਪਏ ਹੀ ਰਹੇਗਾ
FASTag ਸੁਵਿਧਾ ਹੋਵੇਗੀ ਲਾਜ਼ਮੀ
ਸਰਕਾਰ ਨੇ ਟੋਲ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਅਤੇ ਬੈਰੀਅਰਾਂ ‘ਤੇ ਲੱਗਣ ਵਾਲੇ ਜਾਮ ਨੂੰ ਘਟਾਉਣ ਲਈ FASTag ਸਿਸਟਮ ਲਾਜ਼ਮੀ ਕਰ ਦਿੱਤਾ ਹੈ। ਹੁਣ ਟੋਲ ਦੀ ਵਸੂਲੀ ਬੈਰੀਅਰ ‘ਤੇ ਲੱਗੇ ਡਿਜੀਟਲ ਸਿਸਟਮ ਰਾਹੀਂ ਸਿੱਧੀ ਹੋਵੇਗੀ। ਇਸ ਦੇ ਨਾਲ ਹੀ ਟੋਲ ਬੈਰੀਅਰਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਮੈਜਿਸਟਰੇਟਾਂ ਦੀ ਅਗਵਾਈ ਵਿੱਚ ਕਮੇਟੀਆਂ ਬਣਾਈਆਂ ਜਾਣਗੀਆਂ।
ਵਾਧੇ ਦਾ ਕਾਰਨ
ਸੂਬੇ ਵਿੱਚ ਚੱਲ ਰਹੇ ਵਿੱਤੀ ਸੰਕਟ ਨੂੰ ਦੇਖਦੇ ਹੋਏ ਸਰਕਾਰ ਨੇ ਮਾਲੀਆ ਵਧਾਉਣ ਲਈ ਇਹ ਕਦਮ ਚੁੱਕਿਆ ਹੈ। ਇਹ ਨਵੀਆਂ ਦਰਾਂ ਹਿਮਾਚਲ ਪ੍ਰਦੇਸ਼ ਟੋਲਸ ਐਕਟ, 1975 ਦੇ ਤਹਿਤ ਨੋਟੀਫਾਈ ਕੀਤੀਆਂ ਗਈਆਂ ਹਨ ਅਤੇ 1 ਅਪ੍ਰੈਲ 2026 ਤੋਂ ਲਾਗੂ ਹੋ ਜਾਣਗੀਆਂ।

