ਇੰਸਟਾਗ੍ਰਾਮ ‘ਤੇ ਵੱਡਾ ਸਾਈਬਰ ਹਮਲਾ, ਲੱਖਾਂ ਅਕਾਊਂਟਸ ਖਤਰੇ ਵਿੱਚ – ਤੁਰੰਤ ਬਦਲੋ ਆਪਣਾ ਪਾਸਵਰਡ

ਨਵੀਂ ਦਿੱਲੀ : ‘ਇੰਸਟਾਗ੍ਰਾਮ’ (Instagram) ਦੇ ਕਰੋੜਾਂ ਯੂਜ਼ਰਸ ਲਈ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸਾਈਬਰ ਸੁਰੱਖਿਆ ਫਰਮ Malwarebytes ਦੀ ਰਿਪੋਰਟ ਅਨੁਸਾਰ, ਦੁਨੀਆ ਭਰ ਦੇ ਲਗਭਗ 17.5 ਮਿਲੀਅਨ (1.75 ਕਰੋੜ) ਇੰਸਟਾਗ੍ਰਾਮ ਯੂਜ਼ਰਸ ਦਾ ਨਿੱਜੀ ਡਾਟਾ ਲੀਕ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਡਾਟਾ ਹੁਣ ‘ਹੈਕਰ ਫੋਰਮਾਂ’ ਅਤੇ ‘ਡਾਰਕ ਵੈੱਬ’ ‘ਤੇ ਬਿਲਕੁਲ ਮੁਫ਼ਤ ਵਿੱਚ ਉਪਲਬਧ ਹੈ

ਕੀ-ਕੀ ਜਾਣਕਾਰੀ ਹੋਈ ਲੀਕ?
ਸਾਈਬਰ ਮਾਹਿਰਾਂ ਅਨੁਸਾਰ, ਲੀਕ ਹੋਏ ਡਾਟਾ ਸੈੱਟ ਵਿੱਚ ਯੂਜ਼ਰਸ ਦੀਆਂ ਹੇਠ ਲਿਖੀਆਂ ਜਾਣਕਾਰੀਆਂ ਸ਼ਾਮਲ ਹਨ:

ਯੂਜ਼ਰਨੇਮ (Usernames) ਅਤੇ ਪੂਰੇ ਨਾਮ

ਈਮੇਲ ਆਈਡੀ (Email Addresses)

ਫੋਨ ਨੰਬਰ

ਘਰ ਦੇ ਪਤੇ (Partial addresses)

ਪ੍ਰੋਫਾਈਲ ਮੈਟਾਡਾਟਾ ਅਤੇ ਯੂਜ਼ਰ ਆਈਡੀ

ਕਿਵੇਂ ਹੋਈ ਇਹ ਸੰਨ੍ਹਮਾਰੀ?
ਮੰਨਿਆ ਜਾ ਰਿਹਾ ਹੈ ਕਿ ਇਹ ਡਾਟਾ ਸਾਲ 2024 ਵਿੱਚ ਇੱਕ Instagram API ਲੀਕ ਰਾਹੀਂ ਚੋਰੀ ਕੀਤਾ ਗਿਆ ਸੀ। 7 ਜਨਵਰੀ ਨੂੰ ‘Solonik’ ਨਾਮ ਦੇ ਇੱਕ ਹੈਕਰ ਨੇ ਇਸ ਪੂਰੇ ਡਾਟਾ ਨੂੰ BreachForums ‘ਤੇ ਅਪਲੋਡ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਾਟਾ ‘ਸਕ੍ਰੈਪਿੰਗ’ ਜਾਂ ਕਿਸੇ ਗਲਤ ਤਰੀਕੇ ਨਾਲ ਕੌਂਫਿਗਰ ਕੀਤੇ ਸਿਸਟਮ ਰਾਹੀਂ ਕੱਢਿਆ ਗਿਆ ਹੋ ਸਕਦਾ ਹੈ। ਫਿਲਹਾਲ ‘ਮੈਟਾ’ (Meta) ਨੇ ਇਸ ਮਾਮਲੇ ‘ਤੇ ਅਧਿਕਾਰਤ ਤੌਰ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਫਰਜ਼ੀ ‘ਪਾਸਵਰਡ ਰੀਸੈੱਟ’ ਮੈਸੇਜਾਂ ਤੋਂ ਸਾਵਧਾਨ!
ਡਾਟਾ ਲੀਕ ਹੋਣ ਤੋਂ ਬਾਅਦ ਕਈ ਯੂਜ਼ਰਸ ਨੂੰ ਇੰਸਟਾਗ੍ਰਾਮ ਵੱਲੋਂ ‘ਪਾਸਵਰਡ ਰੀਸੈੱਟ’ ਦੇ ਈਮੇਲ ਪ੍ਰਾਪਤ ਹੋ ਰਹੇ ਹਨ। Malwarebytes ਨੇ ਚੇਤਾਵਨੀ ਦਿੱਤੀ ਹੈ ਕਿ ਭਾਵੇਂ ਪਾਸਵਰਡ ਲੀਕ ਨਹੀਂ ਹੋਏ, ਪਰ ਹੈਕਰ ਤੁਹਾਡੇ ਫੋਨ ਨੰਬਰ ਅਤੇ ਈਮੇਲ ਦੀ ਵਰਤੋਂ ਕਰਕੇ ਤੁਹਾਡਾ ਅਕਾਊਂਟ ਹਥਿਆਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਜਾਣਕਾਰੀ ਦੀ ਵਰਤੋਂ ਫਿਸ਼ਿੰਗ ਹਮਲਿਆਂ (Phishing) ਅਤੇ ਸਿਮ ਸਵੈਪਿੰਗ (SIM Swapping) ਲਈ ਕੀਤੀ ਜਾ ਸਕਦੀ ਹੈ

ਆਪਣੇ ਅਕਾਊਂਟ ਨੂੰ ਸੁਰੱਖਿਅਤ ਕਿਵੇਂ ਰੱਖੀਏ?
ਜੇਕਰ ਤੁਸੀਂ ਵੀ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ, ਤਾਂ ਤੁਰੰਤ ਇਹ ਕਦਮ ਚੁੱਕੋ:

ਪਾਸਵਰਡ ਬਦਲੋ: ਤੁਰੰਤ ਆਪਣਾ ਇੰਸਟਾਗ੍ਰਾਮ ਪਾਸਵਰਡ ਬਦਲ ਕੇ ਇੱਕ ਮਜ਼ਬੂਤ ਪਾਸਵਰਡ (ਅੱਖਰਾਂ, ਨੰਬਰਾਂ ਅਤੇ ਚਿੰਨ੍ਹਾਂ ਦੇ ਸੁਮੇਲ ਵਾਲਾ) ਰੱਖੋ।

Two-Factor Authentication (2FA) ਚਾਲੂ ਕਰੋ: ਸੁਰੱਖਿਆ ਲਈ ਸਿਰਫ਼ SMS ‘ਤੇ ਨਿਰਭਰ ਨਾ ਰਹੋ, ਸਗੋਂ ‘Google Authenticator’ ਵਰਗੀ ਐਪ ਦੀ ਵਰਤੋਂ ਕਰੋ।

ਸ਼ੱਕੀ ਲਿੰਕਾਂ ਤੋਂ ਬਚੋ: ਜੇਕਰ ਤੁਹਾਨੂੰ ਕੋਈ ਅਜਿਹਾ ਈਮੇਲ ਆਉਂਦਾ ਹੈ ਜਿਸਦੀ ਤੁਸੀਂ ਮੰਗ ਨਹੀਂ ਕੀਤੀ ਸੀ, ਤਾਂ ਉਸ ਵਿਚਲੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ।

ਡਿਜੀਟਲ ਫੁੱਟਪ੍ਰਿੰਟ ਚੈੱਕ ਕਰੋ: ਤੁਸੀਂ Malwarebytes ਦੀ ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਈਮੇਲ ਲੀਕ ਹੋਈ ਹੈ ਜਾਂ ਨਹੀਂ

#InstagramDataLeak #InstagramNews #dataleakInstagram #NationalNews #GlobalNews