15 ਤੋਂ 20 ਲੁਟੇਰਿਆਂ ਨੇ ਦੁਕਾਨ ਤੋਂ ਚੋਰੀ ਕੀਤਾ 45 ਕਿਲੋ ਸੋਨਾ-ਚਾਂਦੀ

ਪੰਜਾਬ ਦੇ ਮੁਕੇਰੀਆਂ ਇਲਾਕੇ ਤੋਂ ਵੱਡੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਾਜੀਪੁਰ ਰੋਡ ’ਤੇ ਸਥਿਤ ਜੋਏ ਜਿਊਲਰਜ਼ ਨਾਮਕ ਸੁਨਿਆਰੇ ਦੀ ਦੁਕਾਨ ’ਤੇ ਅਣਪਛਾਤੇ ਲੁਟੇਰਿਆਂ ਵੱਲੋਂ ਧਾਵਾ ਬੋਲਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਤੋਂ 20 ਹਥਿਆਰਬੰਦ ਲੁਟੇਰਿਆਂ ਨੇ ਦੁਕਾਨ ਵਿੱਚ ਦਾਖ਼ਲ ਹੋ ਕੇ ਸੋਨਾ, ਚਾਂਦੀ ਅਤੇ ਨਕਦੀ ਲੁੱਟ ਲਈ। ਦੁਕਾਨ ਮਾਲਕ ਦੇ ਅਨੁਸਾਰ ਲੁੱਟੇ ਗਏ ਮਾਲ ਦੀ ਮਾਤਰਾ ਲਗਭਗ 45 ਕਿਲੋ ਸੋਨਾ-ਚਾਂਦੀ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਤਕਰੀਬਨ ਸਵਾ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਭਾਲ ਲਈ ਨਾਕਾਬੰਦੀ ਵੀ ਕੀਤੀ ਗਈ ਹੈ।

ਇਸ ਦੌਰਾਨ ਮੌਕੇ ’ਤੇ ਪਹੁੰਚੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਵਧ ਰਹੀਆਂ ਲੁੱਟਾਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।