ਯੂਪੀ ਦੇ ਜਲੌਨ ’ਚ ਦਰਦਨਾਕ ਸੜਕ ਹਾਦਸਾ: ਟਰੱਕ ਪਲਟਣ ਨਾਲ ਤਿੰਨ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਉੱਤਰ ਪ੍ਰਦੇਸ਼ ਦੇ ਜਲੌਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਖੁਸ਼ੀ ਦੇ ਮਾਹੌਲ ਨੂੰ ਪਲ ਭਰ ਵਿੱਚ ਸੋਗ ਵਿੱਚ ਬਦਲ ਦਿੱਤਾ। ਝਾਂਸੀ–ਕਾਨਪੁਰ ਰਾਸ਼ਟਰੀ ਰਾਜਮਾਰਗ ’ਤੇ ਏਟ ਥਾਣਾ ਖੇਤਰ ਅਧੀਨ ਇੱਕ ਪਿਆਜ਼ਾਂ ਨਾਲ ਭਰਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਮੌਕੇ ’ਤੇ ਖੜ੍ਹੇ ਪੰਜ ਲੋਕ ਇਸ ਦੀ ਲਪੇਟ ਵਿੱਚ ਆ ਗਏ।
ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਮਾਇਆ ਦੇਵੀ (65), ਲੌਂਗਸ਼੍ਰੀ (45) ਅਤੇ ਟਰੱਕ ਡਰਾਈਵਰ ਸ਼ਾਮਲ ਹਨ। ਡਰਾਈਵਰ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ।
ਪ੍ਰਾਪਤ ਜਾਣਕਾਰੀ ਮੁਤਾਬਕ, ਅਨੰਤਰਾਮ ਦੀ ਭੈਣ ਲੌਂਗਸ਼੍ਰੀ, ਜੋ ਕਿ ਸਵਰਗੀ ਬਲਵਾਨ ਦੀ ਪਤਨੀ ਸੀ, ਮਕਰ ਸੰਕ੍ਰਾਂਤੀ ਦੇ ਤਿਉਹਾਰ ਮੌਕੇ ਆਪਣੀ ਧੀ ਵੰਦਨਾ (20) ਨਾਲ ਆਪਣੇ ਮਾਇਕੇ ਆਈ ਹੋਈ ਸੀ। ਸ਼ੁੱਕਰਵਾਰ ਨੂੰ ਲੌਂਗਸ਼੍ਰੀ, ਅਨੰਤਰਾਮ ਦੀ ਪਤਨੀ ਮਾਇਆ ਦੇਵੀ ਅਤੇ ਪੋਤਾ ਅਰਮਾਨ ਸਿੰਘ (18) ਪਿੰਡ ਦੇ ਬਾਹਰ ਰਾਸ਼ਟਰੀ ਰਾਜਮਾਰਗ ਦੇ ਕਿਨਾਰੇ ਵਾਪਸੀ ਲਈ ਵਾਹਨ ਦੀ ਉਡੀਕ ਕਰ ਰਹੇ ਸਨ।
ਇਸ ਦੌਰਾਨ ਝਾਂਸੀ ਤੋਂ ਕਾਨਪੁਰ ਵੱਲ ਜਾ ਰਹੇ ਪਿਆਜ਼ਾਂ ਨਾਲ ਲੱਦੇ ਟਰੱਕ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਡਰਾਈਵਰ ਨੇ ਕੰਟਰੋਲ ਗਵਾ ਦਿੱਤਾ। ਬੇਕਾਬੂ ਟਰੱਕ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ਉੱਤੇ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮਾਇਆ ਦੇਵੀ ਅਤੇ ਲੌਂਗਸ਼੍ਰੀ ਦੀ ਮੌਕੇ ’ਤੇ ਹੀ ਕੁਚਲ ਕੇ ਮੌਤ ਹੋ ਗਈ, ਜਦਕਿ ਵੰਦਨਾ ਅਤੇ ਅਰਮਾਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਹਾਦਸੇ ਤੋਂ ਬਾਅਦ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਜਦਕਿ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
