ਅਹਿਮਦਾਬਾਦ: T20 ਵਿਸ਼ਵ ਕੱਪ 2026 ਦੇ 13ਵੇਂ ਮੁਕਾਬਲੇ ਵਿੱਚ ਅੱਜ ਕ੍ਰਿਕਟ ਪ੍ਰੇਮੀਆਂ ਨੂੰ ਉਹ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਇਤਿਹਾਸ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਅਫ਼ਗਾਨਿਸਤਾਨ ਨੂੰ ਡਬਲ ਸੁਪਰ ਓਵਰ ਵਿੱਚ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ
ਮੈਚ ਦਾ ਪੂਰਾ ਹਾਲ: ਜਦੋਂ ਦਿਲਾਂ ਦੀ ਧੜਕਣ ਤੇਜ਼ ਹੋ ਗਈ
ਨਿਰਧਾਰਿਤ 20 ਓਵਰਾਂ ਦੀ ਖੇਡ ਤੋਂ ਬਾਅਦ ਦੋਵਾਂ ਟੀਮਾਂ ਦਾ ਸਕੋਰ 187-187 ‘ਤੇ ਬਰਾਬਰ ਰਿਹਾ, ਜਿਸ ਕਾਰਨ ਮੈਚ ਟਾਈ ਹੋ ਗਿਆ ਅਤੇ ਫੈਸਲਾ ਸੁਪਰ ਓਵਰ ਰਾਹੀਂ ਕਰਨ ਦਾ ਫੈਸਲਾ ਲਿਆ ਗਿਆ।
ਪਹਿਲਾ ਸੁਪਰ ਓਵਰ: ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 17 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣੀ ਅਫ਼ਰੀਕਾ ਨੇ ਵੀ ਆਖਰੀ ਗੇਂਦ ਤੇ’ ਛੱਕਾ ਮਾਰਕੇ ਪੂਰੀਆਂ 17 ਦੌੜਾਂ ਬਣਾ ਕੇ ਸਕੋਰ ਫਿਰ ਬਰਾਬਰ ਕਰ ਦਿੱਤਾ।
ਦੂਜਾ ਸੁਪਰ ਓਵਰ: ਨਿਯਮਾਂ ਅਨੁਸਾਰ ਮੈਚ ਦੂਜੇ ਸੁਪਰ ਓਵਰ ਵਿੱਚ ਗਿਆ। ਇਸ ਵਾਰ ਦੱਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 23 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ
ਆਖਰੀ ਓਵਰ ਦਾ ਡਰਾਮਾ
24 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਸ਼ੁਰੂਆਤ ਖਰਾਬ ਰਹੀ। ਮੁਹੰਮਦ ਨਬੀ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਇਸ ਤੋਂ ਬਾਅਦ ਰਹਿਮਾਨੁੱਲ੍ਹਾ ਗੁਰਬਾਜ਼ ਨੇ ਮੋਰਚਾ ਸੰਭਾਲਿਆ ਅਤੇ ਲਗਾਤਾਰ 3 ਗੇਂਦਾਂ ‘ਤੇ 3 ਛੱਕੇ ਜੜ ਕੇ ਮੈਚ ਅਫ਼ਗਾਨਿਸਤਾਨ ਦੇ ਪੱਖ ਵਿੱਚ ਕਰ ਦਿੱਤਾ।
ਕੇਸ਼ਵ ਮਹਾਰਾਜ ਦੀ ਫੈਸਲਾਕੁੰਨ ਗੇਂਦ:
ਆਖਰੀ ਗੇਂਦ ‘ਤੇ ਜਿੱਤ ਲਈ 5 ਦੌੜਾਂ ਦੀ ਲੋੜ ਸੀ। ਮਹਾਰਾਜ ਨੇ ਇੱਕ ਵਾਈਡ ਗੇਂਦ ਸੁੱਟੀ, ਜਿਸ ਤੋਂ ਬਾਅਦ ਸਮੀਕਰਨ ਬਦਲ ਗਏ। ਹੁਣ ਅਫ਼ਗਾਨਿਸਤਾਨ ਨੂੰ ਜਿੱਤ ਲਈ 5 ਅਤੇ ਮੈਚ ਟਾਈ ਕਰਾਉਣ ਲਈ 4 ਦੌੜਾਂ ਚਾਹੀਦੀਆਂ ਸਨ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ; ਗੁਰਬਾਜ਼ ਆਖਰੀ ਗੇਂਦ ‘ਤੇ ਕੈਚ ਆਊਟ ਹੋ ਗਏ ਅਤੇ ਅਫ਼ਗਾਨਿਸਤਾਨ ਦੀਆਂ ਉਮੀਦਾਂ ਟੁੱਟ ਗਈਆਂ
ਭਾਵੁਕ ਹੋਏ ਗੁਰਬਾਜ਼: ਜਿੱਤ ਦੇ ਇੰਨੇ ਕਰੀਬ ਆ ਕੇ ਹਾਰਨ ਤੋਂ ਬਾਅਦ ਅਫ਼ਗਾਨੀ ਸਟਾਰ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਮੈਦਾਨ ‘ਤੇ ਹੀ ਭਾਵੁਕ ਨਜ਼ਰ ਆਏ। ਅਫ਼ਗਾਨਿਸਤਾਨ ਲਈ ਇਹ ਹਾਰ ਕਾਫੀ ਦਰਦਨਾਕ ਰਹੀ, ਪਰ ਉਨ੍ਹਾਂ ਦੀ ਖੇਡ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ

