ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ ਹੈਰੋਇਨ ਦੀ ਖੇਪ, ਮਹਾਵਾ ਇਲਾਕੇ ਤੋਂ ਚੁੱਕ ਕੇ ਅੱਗੇ ਸਪਲਾਈ ਕਰਨ ਜਾ ਰਹੇ ਸਨ ਮੁਲਜ਼ਮ
ਅੰਮ੍ਰਿਤਸਰ: ਘਰਿੰਡਾ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਹੈਰੋਇਨ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਕਿਲੋਗ੍ਰਾਮ 33 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਵਸੁਮਿਤ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਸ਼ਹਿਰ ਵੱਲ ਜਾ ਰਹੇ ਹਨ, ਜਿੱਥੇ ਉਨ੍ਹਾਂ ਵੱਲੋਂ ਹੈਰੋਇਨ ਦੀ ਖੇਪ ਇੱਕ ਹੋਰ ਤਸਕਰ ਤੱਕ ਪਹੁੰਚਾਈ ਜਾਣੀ ਸੀ।
ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਅਟਾਰੀ ਟੀ-ਪੁਆਇੰਟ ‘ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋਗ੍ਰਾਮ 33 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਡਰੋਨ ਰਾਹੀਂ ਮਹਾਵਾ ਇਲਾਕੇ ਵਿੱਚ ਸੁੱਟੀ ਗਈ ਸੀ ਖੇਪ
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਮੰਨਿਆ ਕਿ ਹੈਰੋਇਨ ਦੀ ਇਹ ਖੇਪ ਕੁਝ ਦਿਨ ਪਹਿਲਾਂ ਡਰੋਨ ਰਾਹੀਂ ਮਹਾਵਾ ਇਲਾਕੇ ਵਿੱਚ ਸੁੱਟੀ ਗਈ ਸੀ। ਦੋਵਾਂ ਨੇ ਇਸ ਖੇਪ ਨੂੰ ਉੱਥੋਂ ਚੁੱਕਿਆ ਸੀ ਅਤੇ ਅੱਗੇ ਸਪਲਾਈ ਕਰਨ ਲਈ ਲਿਜਾ ਰਹੇ ਸਨ।
ਫਿਲਹਾਲ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
