ਪੰਜਾਬ ਪਹਿਲੀ ਵਾਰ ਕਰੇਗਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ : CM ਭਗਵੰਤ ਮਾਨ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਦੇ ‘ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ’ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਨੂੰ ਪੰਜਾਬ ਲਈ ਅਹਿਮ ਮੌਕਾ ਦੱਸਦਿਆਂ ਖੇਡ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਉਨ੍ਹਾਂ ਮੁਤਾਬਕ, ਮੁਕਾਬਲੇ ਦੇ ਲੀਗ ਮੈਚ ਜਲੰਧਰ ਵਿੱਚ ਕਰਵਾਏ ਜਾਣਗੇ, ਜਦਕਿ ਫਾਈਨਲ ਮੁਹਾਲੀ ਵਿੱਚ ਹੋਵੇਗਾ।

ਪਹਿਲੀ ਵਾਰ ਆਪਣੇ ਘਰ ਖੇਡਣਗੇ 9 ਪੰਜਾਬੀ ਹਾਕੀ ਖਿਡਾਰੀ

CM ਭਗਵੰਤ ਮਾਨ ਨੇ ਦੱਸਿਆ ਕਿ ਏਸ਼ੀਅਨ ਖੇਡਾਂ ਵਿੱਚ ਸੋਨ ਤਮਗ਼ੇ ਜਿੱਤਣ ਵਾਲੇ ਪੰਜਾਬ ਦੇ 9 ਖਿਡਾਰੀਆਂ ਨੂੰ ਪਹਿਲੀ ਵਾਰ ਆਪਣੇ ਸੂਬੇ ਵਿੱਚ ਖੇਡਣ ਦਾ ਮੌਕਾ ਮਿਲੇਗਾ। ਇਹ ਪੰਜਾਬ ਦੇ ਖੇਡ ਪ੍ਰੇਮੀਆਂ ਲਈ ਆਪਣੇ ਖਿਡਾਰੀਆਂ ਨੂੰ ਮੈਦਾਨ ਵਿੱਚ ਖੇਡਦਿਆਂ ਦੇਖਣ ਦਾ ਖ਼ਾਸ ਮੌਕਾ ਹੋਵੇਗਾ।

ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਦਰਸ਼ਕਾਂ ਲਈ ਸਟੇਡੀਅਮ ਵਿੱਚ ਦਾਖ਼ਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ।

ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਾਲ ਪੰਜਾਬ ਨੂੰ ਕੌਮਾਂਤਰੀ ਹਾਕੀ ਮੰਚ ’ਤੇ ਆਪਣੀ ਖੇਡ ਵਿਰਾਸਤ ਅਤੇ ਖੇਡ ਪ੍ਰਤੀ ਜਨੂੰਨ ਦਿਖਾਉਣ ਦਾ ਮੌਕਾ ਮਿਲੇਗਾ। ਜਲੰਧਰ ਅਤੇ ਮੁਹਾਲੀ ਵਿੱਚ ਹੋਣ ਵਾਲੇ ਮੁਕਾਬਲਿਆਂ ਨੂੰ ਲੈ ਕੇ ਹਾਕੀ ਪ੍ਰੇਮੀਆਂ ਵਿੱਚ ਉਤਸ਼ਾਹ ਦੀ ਉਮੀਦ ਹੈ