ਲੱਦਾਖ ਤੋਂ ਗ੍ਰਿਫ਼ਤਾਰ ਕੀਤਾ ਬੱਬਲੂ, ਮੋਗਾ ਚ’ ਸਰਪੰਚ ਦਾ ਕੀਤਾ ਸੀ ਕਤਲ

ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਮੌਜੂਦਾ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਬਾਘਾਪੁਰਾਣਾ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁੱਖ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨੀਵਾਰ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਮੋਗਾ ਲਿਆਂਦਾ ਗਿਆ

ਵਾਰਦਾਤ ਤੋਂ ਬਾਅਦ ਲੱਦਾਖ ਵੱਲ ਹੋ ਗਏ ਸਨ ਫ਼ਰਾਰ
ਡੀ.ਐੱਸ.ਪੀ. ਬਾਘਾਪੁਰਾਣਾ ਦਲਬੀਰ ਸਿੰਘ ਨੇ ਦੱਸਿਆ ਕਿ 6 ਮਾਰਚ ਨੂੰ ਦਿਨ-ਦਹਾੜੇ ਬਾਘਾਪੁਰਾਣਾ ਦੇ ਬਾਜ਼ਾਰ ਵਿੱਚ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਆਪਣੀ ਫਾਰਚੂਨਰ ਗੱਡੀ ਜਗਰਾਉਂ ਨੇੜੇ ਇੱਕ ਰਿਸ਼ਤੇਦਾਰ ਦੇ ਘਰ ਛੱਡ ਕੇ ਦੂਜੀ ਗੱਡੀ ਵਿੱਚ ਸਵਾਰ ਹੋ ਕੇ ਜੰਮੂ-ਕਸ਼ਮੀਰ ਵੱਲ ਭੱਜ ਗਏ ਸਨ।

ਤਕਨੀਕੀ ਜਾਂਚ ਅਤੇ CIA ਸਟਾਫ ਦੀ ਮਦਦ ਨਾਲ ਪਤਾ ਲੱਗਾ ਕਿ ਲੱਦਾਖ ਇਲਾਕੇ ਵਿੱਚ ਗੱਡੀ ਖਰਾਬ ਹੋਣ ਕਾਰਨ ਮੁਲਜ਼ਮ ਉੱਥੇ ਰੁਕ ਗਏ ਸਨ, ਜਿੱਥੇ ਜੰਮੂ-ਕਸ਼ਮੀਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ:
ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹਨ:

  • ਮਨਪ੍ਰੀਤ ਸਿੰਘ ਉਰਫ਼ ਬਬਲੂ (ਮੁੱਖ ਮੁਲਜ਼ਮ)
  • ਯੋਗਸ਼ ਸ਼ਰਮਾ
  • ਹਰਵਿੰਦਰ ਸਿੰਘ ਉਰਫ਼ ਹਿੰਦਾ
  • ਜਸਨਪ੍ਰੀਤ ਸਿੰਘ ਉਰਫ਼ ਜੱਸਾ

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੁੱਖ ਮੁਲਜ਼ਮ ਮਨਪ੍ਰੀਤ ਬਬਲੂ ਦੇ ਦੋਸਤ ਹਨ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਫਾਰਚੂਨਰ ਗੱਡੀ ਅਤੇ ਤਿੰਨ ਪਿਸਤੌਲ (ਇੱਕ ਲਾਇਸੰਸੀ ਅਤੇ ਦੋ ਨਾਜਾਇਜ਼) ਵੀ ਬਰਾਮਦ ਕਰ ਲਏ ਹਨ। ਵਾਰਦਾਤ ਦੌਰਾਨ ਕਰੀਬ 15 ਰਾਊਂਡ ਫਾਇਰ ਕੀਤੇ ਗਏ ਸਨ

ਕਤਲ ਪਿੱਛੇ ਕੀ ਸੀ ਕਾਰਨ?
ਪੁਲਿਸ ਜਾਂਚ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਮੁਤਾਬਕ, ਇਹ ਕਤਲ ਰੰਜਿਸ਼ ਤਹਿਤ ਕੀਤਾ ਗਿਆ ਹੈ। ਰੁਪਿੰਦਰ ਕੌਰ ਨਾਂ ਦੀ ਮਹਿਲਾ ਨੇ ਦੱਸਿਆ ਸੀ ਕਿ ਸਰਪੰਚ ਹੈਪੀ ਉਸਦੀ ਮਦਦ ਕਰਦਾ ਸੀ, ਜਿਸ ਕਾਰਨ ਉਸਦਾ ਪਤੀ ਮਨਪ੍ਰੀਤ ਬਬਲੂ ਅਤੇ ਸਹੁਰਾ ਪਰਿਵਾਰ ਸਰਪੰਚ ਨਾਲ ਖ਼ਾਰ ਖਾਂਦੇ ਸਨ। ਇਸੇ ਰੰਜਿਸ਼ ਦੇ ਚੱਲਦਿਆਂ ਮਨਪ੍ਰੀਤ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ।

ਪੁਲਿਸ ਦੀ ਕਾਰਵਾਈ
ਪੁਲਿਸ ਨੇ FIR ਵਿੱਚ ਮਨਪ੍ਰੀਤ ਦੇ ਭਰਾ ਜੋਬਨਪ੍ਰੀਤ ਸਿੰਘ, ਪਿਤਾ ਜਸਵੰਤ ਸਿੰਘ ਅਤੇ ਜਸਕਰਨ ਸਿੰਘ ਜੱਸੂ ਦੇ ਨਾਮ ਵੀ ਸ਼ਾਮਲ ਕੀਤੇ ਹਨ। ਡੀ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ:

ਰੁਪਿੰਦਰ ਕੌਰ ਦੀ ਇਸ ਕਤਲ ਵਿੱਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ।

ਜੋ ਵੀ ਹੋਰ ਵਿਅਕਤੀ ਜਾਂ ਮਦਦਗਾਰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੋਗਾ ਪੁਲਿਸ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦਾ ਪਤਾ ਲਗਾਇਆ ਜਾ ਸਕੇ

#MogaNews #SarpanchMurderCase #PunjabPolice #JusticeForHappySarpanch #MogaPolice #BreakingNewsPunjab #CrimeNewsPunjab #MogaSarpanchMurder #JammuKashmirPolice #PunjabCrime