ਬਰਨਾਲਾ ’ਚ ਦਰਦਨਾਕ ਹਾਦਸਾ: ਛੱਪੜ ’ਚ ਡੁੱਬਣ ਨਾਲ 30 ਸਾਲਾ ਨੌਜਵਾਨ ਦੀ ਮੌਤ

ਤੈਰਦਾ ਗੈਸ ਸਿਲੰਡਰ ਕੱਢਣ ਲਈ ਤਲਾਬ ’ਚ ਉਤਰਿਆ ਸੀ ਹਰਦੀਪ ਸਿੰਘ, ਦਲਦਲ ’ਚ ਫਸਣ ਮਗਰੋਂ ਵਾਪਰਿਆ ਹਾਦਸਾ

ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਲੇਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਪਿੰਡ ਦੇ ਤਲਾਬ ਵਿੱਚ ਡੁੱਬਣ ਕਾਰਨ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।

ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਕਾਲਾ ਸਿੰਘ, ਵਾਸੀ ਪਿੰਡ ਕਾਲੇਕੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਦੀਪ ਸਿੰਘ ਆਪਣੇ ਚਾਚੇ ਨਾਲ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਪਿੰਡ ਦੇ ਤਲਾਬ ਵਿੱਚ ਤੈਰ ਰਹੇ ਇੱਕ ਗੈਸ ਸਿਲੰਡਰ ’ਤੇ ਪਈ।

ਸਿਲੰਡਰ ਕੱਢਣ ਲਈ ਪਾਣੀ ’ਚ ਉਤਰਿਆ

ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਨੂੰ ਤਲਾਬ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਹਰਦੀਪ ਪਾਣੀ ਅੰਦਰ ਚਲਾ ਗਿਆ। ਇਸੇ ਦੌਰਾਨ ਉਹ ਅਚਾਨਕ ਤਲਾਬ ਦੀ ਦਲਦਲ ਵਿੱਚ ਫਸ ਗਿਆ ਅਤੇ ਪਾਣੀ ਵਿੱਚ ਡੁੱਬ ਗਿਆ।

ਉਸ ਦੇ ਚਾਚੇ ਨੇ ਹਰਦੀਪ ਨੂੰ ਬਚਾਉਣ ਲਈ ਆਵਾਜ਼ਾਂ ਮਾਰੀਆਂ ਅਤੇ ਆਪਣੀ ਪੱਧਰ ’ਤੇ ਕੋਸ਼ਿਸ਼ ਵੀ ਕੀਤੀ, ਪਰ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।

ਤਿੰਨ ਘੰਟਿਆਂ ਬਾਅਦ ਨਿੱਜੀ ਰੈਸਕਿਊ ਟੀਮ ਨੇ ਕੱਢਿਆ ਬਾਹਰ

ਹਾਦਸੇ ਤੋਂ ਬਾਅਦ ਹਰਦੀਪ ਦੀ ਭਾਲ ਲਈ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਕਰੀਬ ਤਿੰਨ ਘੰਟਿਆਂ ਬਾਅਦ ਨਿੱਜੀ ਰੈਸਕਿਊ ਟੀਮ ਨੇ ਨੌਜਵਾਨ ਦੀ ਲਾਸ਼ ਤਲਾਬ ਵਿੱਚੋਂ ਬਾਹਰ ਕੱਢੀ

ਹਰਦੀਪ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ

ਪ੍ਰਸ਼ਾਸਨਿਕ ਟੀਮ ਦੇ ਦੇਰ ਨਾਲ ਪਹੁੰਚਣ ’ਤੇ ਸਵਾਲ

ਹਾਦਸੇ ਤੋਂ ਬਾਅਦ ਪਰਿਵਾਰ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਮੁਤਾਬਕ ਕਰੀਬ ਤਿੰਨ ਘੰਟਿਆਂ ਤੱਕ ਪ੍ਰਸ਼ਾਸਨਿਕ ਟੀਮ ਮੌਕੇ ’ਤੇ ਨਹੀਂ ਪਹੁੰਚੀ, ਜਿਸ ਕਾਰਨ ਉਨ੍ਹਾਂ ਨੂੰ ਨਿੱਜੀ ਰੈਸਕਿਊ ਟੀਮ ਦੀ ਮਦਦ ਲੈਣੀ ਪਈ।

ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ ਅਤੇ ਪਿੰਡ ਦੇ ਤਲਾਬ ਵਿੱਚ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹਾ ਹਾਦਸਾ ਮੁੜ ਨਾ ਵਾਪਰੇ