ਅਮਿਤ ਸ਼ਾਹ ਦੇ ਜਲੰਧਰ ਦੌਰੇ ਤੋਂ ਪਹਿਲਾਂ ਵੱਡੀ ਧਮਕੀ: ਸਕੂਲਾਂ ਅਤੇ ਸ੍ਰੀ ਦੇਵੀ ਤਲਾਬ ਮੰਦਰ ਨੂੰ ਉਡਾਉਣ ਦਾ ਅਲਰਟ

ਜਲੰਧਰ- ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵਿਤ ਜਲੰਧਰ ਦੌਰੇ ਦੌਰਾਨ ਸ਼ਹਿਰ ਨੂੰ ਦਹਿਲਾਉਣ ਦੀ ਸਾਜ਼ਿਸ਼ ਸਾਹਮਣੇ ਆਈ ਹੈ। ਕੁਝ ਪਾਬੰਦੀਸ਼ੁਦਾ ਸੰਗਠਨਾਂ ਵੱਲੋਂ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਭਰੇ ਸੁਨੇਹੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ। ਧਮਕੀ ਭਰੀ ਈ-ਮੇਲ ਕੈਂਬਰਿਜ ਗਰਲਜ਼ ਸਕੂਲ (ਅਰਬਨ ਅਸਟੇਟ), ਕੈਂਬਰਿਜ ਇਨੋਵੇਟਿਵ ਸਕੂਲ ਅਤੇ ਐੱਮ.ਜੀ.ਐੱਮ. ਸਕੂਲ ਸਮੇਤ ਕਈ ਹੋਰ ਅਦਾਰਿਆਂ ਨੂੰ ਭੇਜੀ ਗਈ ਹੈ।

ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਵਾਲੀ ਸਟੇਜ ਅਤੇ ਲੱਭੂ ਰਾਮ ਦੋਆਬਾ ਸਕੂਲ ਵਿਖੇ ਬਣਾਏ ਗਏ ਹੈਲੀਪੈਡ ‘ਤੇ ਬੰਬ ਫਿੱਟ ਕਰ ਦਿੱਤੇ ਗਏ ਹਨ। ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਨਾਂ ਦੀ ਵਰਤੋਂ ਕਰਦਿਆਂ ਇਤਿਹਾਸਕ ਸ੍ਰੀ ਦੇਵੀ ਤਲਾਬ ਮੰਦਰ ਅਤੇ ਇਸ ਨਾਲ ਲੱਗਦੇ ਲੱਬੂ ਰਾਮ ਦੋਆਬਾ ਸਕੂਲ ਨੂੰ ਆਈ.ਈ.ਡੀ. (IED) ਰਾਹੀਂ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਹੈ। ਈ-ਮੇਲ ਵਿੱਚ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮਾਗਮ ਵਾਲੇ ਦਿਨ ਆਪਣੇ ਬੱਚਿਆਂ ਨੂੰ ਸਕੂਲ ਜਾਂ ਪ੍ਰੋਗਰਾਮ ਵਿੱਚ ਨਾ ਭੇਜਣ।

ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਸਬੰਧਤ ਇਲਾਕਿਆਂ ਵਿੱਚ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਹੈ ਅਤੇ ਬੰਬ ਵਿਰੋਧੀ ਦਸਤਿਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।