ਬੁਲੰਦਸ਼ਹਿਰ ਵਿੱਚ ਜਨਮਦਿਨ ਦੀ ਪਾਰਟੀ ‘ਚ ਚੱਲੀਆਂ ਗੋਲੀਆਂ, 3 ਨੌਜਵਾਨਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਉਸ ਸਮੇਂ ਗ਼ਮ ਵਿੱਚ ਬਦਲ ਗਿਆ, ਜਦੋਂ ਇੱਕ ਜਨਮਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ।

ਮਾਮੂਲੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਵਿਵਾਦ

ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਇੱਕ ਜਿੰਮ ਦੇ ਅੰਦਰ ਵਾਪਰੀ ਜਿੱਥੇ ਜਨਮਦਿਨ ਮਨਾਇਆ ਜਾ ਰਿਹਾ ਸੀ। ਪਾਰਟੀ ਦੌਰਾਨ ਦੋਸਤਾਂ ਵਿੱਚ ਇੱਕ-ਦੂਜੇ ਦੇ ਚਿਹਰੇ ‘ਤੇ ਕੇਕ ਲਗਾਉਣ ਨੂੰ ਲੈ ਕੇ ਬਹਿਸ ਹੋ ਗਈ। ਇਹ ਮਾਮੂਲੀ ਝਗੜਾ ਇੰਨਾ ਵਧ ਗਿਆ ਕਿ ਗੱਲ ਗੋਲੀਬਾਰੀ ਤੱਕ ਪਹੁੰਚ ਗਈ।

ਮੌਕੇ ਤੇ ਹੀ ਨਿਕਲੀ ਜਾਨ

ਗੁੱਸੇ ਵਿੱਚ ਆਏ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਿੰਸਕ ਟਕਰਾਅ ਵਿੱਚ ਤਿੰਨ ਨੌਜਵਾਨਾਂ ਦੇ ਸਿਰ ਵਿੱਚ ਗੋਲੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀਆਂ ਵਿੱਚ ਉਹ ਨੌਜਵਾਨ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ, ਜਿਸਦਾ ਜਨਮਦਿਨ ਮਨਾਇਆ ਜਾ ਰਿਹਾ ਸੀ।

ਪੁਲਿਸ ਵੱਲੋਂ ਜਾਂਚ ਤੇ ਕਾਰਵਾਈ

ਮੇਰਠ ਰੇਂਜ ਦੇ ਡੀਆਈਜੀ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫੀਲਡ ਯੂਨਿਟ ਨੇ ਮੌਕੇ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਕਈ ਵਿਸ਼ੇਸ਼ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।