ਕਪੂਰਥਲਾ ‘ਚ ਦਹਿਸ਼ਤ: ਕੈਨੇਡਾ ਤੋਂ ਪਰਤੀ ਮਹਿਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

ਕਪੂਰਥਲਾ: ਜ਼ਿਲ੍ਹੇ ਦੇ ਭੀੜ-ਭੜੱਕੇ ਵਾਲੇ ਇਲਾਕੇ ਸੀਨਪੁਰਾ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ 40 ਸਾਲਾ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਉਰਫ਼ ਹੇਮਾ ਵਜੋਂ ਹੋਈ ਹੈ, ਜੋ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਪਰਤੀ ਸੀ।

ਘਰ ਵਿੱਚ ਵੜ ਕੇ ਚਲਾਈਆਂ ਅੰਨ੍ਹੇਵਾਹ ਗੋਲੀਆਂ
ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਵੇਲੇ ਵਾਪਰੀ। ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਜ਼ਬਰਦਸਤੀ ਘਰ ਦੇ ਅੰਦਰ ਦਾਖਲ ਹੋ ਗਏ। ਘਰ ਵਿੱਚ ਮੌਜੂਦ ਇੱਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਹਮਲਾਵਰਾਂ ਦੇ ਅੰਦਰ ਵੜਦੇ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ

ਪੁਲਿਸ ਮੁਤਾਬਕ ਵਾਰਦਾਤ ਦੌਰਾਨ ਕੁੱਲ ਚਾਰ ਗੋਲੀਆਂ ਚਲਾਈਆਂ ਗਈਆਂ। ਹਮਲਾਵਰਾਂ ਨੇ ਇੱਕ ਗੋਲੀ ਸਿੱਧੀ ਹੇਮਪ੍ਰੀਤ ਦੇ ਮਾਰੀ, ਜਦੋਂ ਕਿ ਤਿੰਨ ਹਵਾਈ ਫਾਇਰ ਕੀਤੇ ਗਏ ਤਾਂ ਜੋ ਇਲਾਕੇ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ।

ਪਤੀ ਅਤੇ ਪੁੱਤਰ ਹਨ ਕੈਨੇਡਾ ਵਿੱਚ
ਦੱਸਿਆ ਜਾ ਰਿਹਾ ਹੈ ਕਿ ਹੇਮਪ੍ਰੀਤ ਕੌਰ ਦਾ ਪਤੀ ਅਤੇ ਪੁੱਤਰ ਕੈਨੇਡਾ ਵਿੱਚ ਰਹਿੰਦੇ ਹਨ। ਉਹ ਖੁਦ ਵੀ ਇੱਕ ਮਹੀਨਾ ਪਹਿਲਾਂ ਹੀ ਵਾਪਸ ਆਈ ਸੀ। ਇਸ ਅਚਾਨਕ ਹੋਏ ਹਮਲੇ ਨੇ ਪਰਿਵਾਰ ਅਤੇ ਇਲਾਕੇ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।

ਪੁਲਿਸ ਵੱਲੋਂ ਜਾਂਚ ਤੇਜ਼
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਲੇ-ਦੁਆਲੇ ਦੇ ਘਰਾਂ ਅਤੇ ਬਾਜ਼ਾਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਦੇ ਪਿੱਛੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ