Fly Dubai ਜਹਾਜ਼ ਕਾਂਡ ’ਚ ਭਾਰਤੀ ਪਾਇਲਟ ਦੀ ਬਹਾਦਰੀ, ਕੈਪਟਨ ਸਮਿਤ ਮੱਛੜ ਨੇ ਬਚਾਈਆਂ 174 ਜਾਨਾਂ

ਵਰਲਡ ਡੈਸਕ: ਫਲਾਈਦੁਬਈ ਦੀ ਦੁਬਈ ਤੋਂ ਇਜ਼ਰਾਈਲ ਜਾ ਰਹੀ ਫਲਾਈਟ ਵਿੱਚ ਵਾਪਰੀ ਗੰਭੀਰ ਘਟਨਾ ਦੌਰਾਨ ਭਾਰਤੀ ਪਾਇਲਟ ਕੈਪਟਨ ਸਮਿਤ ਮੱਛੜ ਦੀ ਹਿੰਮਤ ਅਤੇ ਤਜਰਬੇ ਨੇ ਵੱਡੀ ਤ੍ਰਾਸਦੀ ਨੂੰ ਟਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਜਹਾਜ਼ ਵਿੱਚ 174 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 27 ਬੱਚੇ ਵੀ ਸ਼ਾਮਲ ਸਨ।

ਕਾਕਪਿਟ ’ਚ ਹੋਇਆ ਹਮਲਾ, ਜਹਾਜ਼ ਦਾ ਕੰਟਰੋਲ ਖਤਰੇ ’ਚ

ਰਿਪੋਰਟਾਂ ਮੁਤਾਬਕ, ਫਲਾਈਦੁਬਈ ਦੀ FZ1073 ਫਲਾਈਟ ਦੁਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਬੇਨ ਗੁਰਿਓਨ ਇੰਟਰਨੈਸ਼ਨਲ ਏਅਰਪੋਰਟ ਵੱਲ ਜਾ ਰਹੀ ਸੀ। ਉਡਾਣ ਦੌਰਾਨ ਕਾਕਪਿਟ ਵਿੱਚ ਦੋ ਪਾਇਲਟਾਂ ਵਿਚਾਲੇ ਝਗੜਾ ਹੋ ਗਿਆ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਮੁਤਾਬਕ, ਇੱਕ ਪਾਇਲਟ ਨੇ ਜਹਾਜ਼ ਦੇ ਸਿਸਟਮ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੈਪਟਨ ਸਮਿਤ ਮੱਛੜ ’ਤੇ ਹਮਲਾ ਹੋਇਆ ਅਤੇ ਉਨ੍ਹਾਂ ਨੂੰ ਚਾਕੂ ਮਾਰਿਆ ਗਿਆ।

ਹਾਲਾਤ ਇੰਨੇ ਗੰਭੀਰ ਹੋ ਗਏ ਕਿ ਜਹਾਜ਼ ਦੀ ਉਚਾਈ ਲਗਭਗ 17,400 ਫੁੱਟ ਤੱਕ ਘਟ ਗਈ। ਇਸ ਦੌਰਾਨ ਇੱਕ ਕਰੂ ਮੈਂਬਰ ਅਤੇ ਇੱਕ ਯਾਤਰੀ ਕਾਕਪਿਟ ਵਿੱਚ ਦਾਖ਼ਲ ਹੋਏ ਅਤੇ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ।

ਸਾਊਦੀ ਅਰਬ ’ਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਘਟਨਾ ਤੋਂ ਬਾਅਦ ਜਹਾਜ਼ ਨੂੰ ਇਜ਼ਰਾਈਲ ਦੀ ਬਜਾਏ ਸਾਊਦੀ ਅਰਬ ਵੱਲ ਡਾਇਵਰਟ ਕੀਤਾ ਗਿਆ, ਜਿੱਥੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ, ਜਦਕਿ ਕਥਿਤ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਫਲਾਈਦੁਬਈ ਨੇ ਜਾਂਚ ਪੂਰੀ ਹੋਣ ਤੱਕ ਇਜ਼ਰਾਈਲ ਜਾਣ ਵਾਲੀਆਂ ਅਤੇ ਉਥੋਂ ਆਉਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।

ਕੌਣ ਹਨ ਕੈਪਟਨ ਸਮਿਤ ਮੱਛੜ?

ਕੈਪਟਨ ਸਮਿਤ ਮੱਛੜ ਕੋਲ 13 ਸਾਲ ਤੋਂ ਵੱਧ ਦਾ ਕਮਰਸ਼ੀਅਲ ਫਲਾਇੰਗ ਤਜਰਬਾ ਹੈ ਅਤੇ ਉਹ Boeing 737 ਜਹਾਜ਼ਾਂ ’ਤੇ ਕਰੀਬ 9,750 ਘੰਟੇ ਉਡਾਣ ਭਰ ਚੁੱਕੇ ਹਨ।

ਉਨ੍ਹਾਂ ਨੇ ਲਗਭਗ 10 ਸਾਲ SpiceJet ਨਾਲ ਕੰਮ ਕੀਤਾ। ਜੂਨ 2022 ਵਿੱਚ ਉਹ SpiceJet ਛੱਡ ਕੇ flydubai ਵਿੱਚ Direct Entry Captain ਵਜੋਂ ਸ਼ਾਮਲ ਹੋਏ ਸਨ। ਫਲਾਈਦੁਬਈ ਨਾਲ ਉਨ੍ਹਾਂ ਦਾ ਲਗਭਗ ਚਾਰ ਸਾਲ ਦਾ ਤਜਰਬਾ ਦੱਸਿਆ ਗਿਆ ਹੈ।

ਕੈਪਟਨ ਮੱਛੜ ਨੇ ਆਪਣੀ ਪਾਇਲਟ ਟ੍ਰੇਨਿੰਗ ਨਿਊਜ਼ੀਲੈਂਡ ਵਿੱਚ ਕੀਤੀ ਸੀ। ਉਨ੍ਹਾਂ ਮੁਤਾਬਕ, 19 ਸਾਲ ਦੀ ਉਮਰ ਵਿੱਚ ਇੱਕ ਏਵੀਏਸ਼ਨ ਸੈਮੀਨਾਰ ਦੌਰਾਨ ਉਨ੍ਹਾਂ ਨੇ ਪਾਇਲਟ ਬਣਨ ਦਾ ਫੈਸਲਾ ਕੀਤਾ ਸੀ।

ਜਹਾਜ਼ ’ਚ ਕਈ ਦੇਸ਼ਾਂ ਦੇ ਨਾਗਰਿਕ ਸਨ

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਜਹਾਜ਼ ਵਿੱਚ ਇਜ਼ਰਾਈਲ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ਨਾਗਰਿਕ ਸਵਾਰ ਸਨ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ, ਚਾਰ ਯਾਤਰੀ ਅਮਰੀਕੀ ਨਾਗਰਿਕ ਵੀ ਸਨ।

ਘਟਨਾ ਦੀ ਪੂਰੀ ਜਾਂਚ ਜਾਰੀ ਹੈ ਅਤੇ ਇਸ ਦੌਰਾਨ ਕੈਪਟਨ ਸਮਿਤ ਮੱਛੜ ਸਮੇਤ ਕਰੂ ਮੈਂਬਰਾਂ ਵੱਲੋਂ ਨਿਭਾਈ ਭੂਮਿਕਾ ਨੂੰ ਲੈ ਕੇ ਵਿਸਥਾਰ ਸਾਹਮਣੇ ਆਉਣ ਦੀ ਉਡੀਕ ਹੈ।