ਚੀਨੀ ਡੋਰ ਨੇ ਲਈ ਇੱਕ ਹੋਰ ਜਾਨ: ਸਕੂਟੀ ਸਵਾਰ ਮਹਿਲਾ ਦਾ ਕੱਟਿਆ ਗਲਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਮੁੱਲਾਂਪੁਰ ਦਾਖਾ: ਪੰਜਾਬ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਲਗਾਤਾਰ ਮੌਤ ਦਾ ਜਾਲ ਬਣਦੀ ਜਾ ਰਹੀ ਹੈ। ਤਾਜ਼ਾ ਦਰਦਨਾਕ ਘਟਨਾ ਮੁੱਲਾਂਪੁਰ ਦੇ ਰਾਏਕੋਟ ਰੋਡ ‘ਤੇ ਐਤਵਾਰ ਸ਼ਾਮ ਨੂੰ ਵਾਪਰੀ, ਜਿੱਥੇ ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਉਰਫ਼ ਜਸਲੀਨ ਕੌਰ (ਪਤਨੀ ਮਨਦੀਪ ਸਿੰਘ), ਨਿਵਾਸੀ ਅਕਾਲਗੜ੍ਹ ਵਜੋਂ ਹੋਈ ਹੈ, ਪਿਛਲੇ ਦਿਨੀ ਸਕੂਲ ਤੋਂ ਘਰ ਆ ਰਹੇ ਚੀਨਾ ਡੋਰ ਨੇ 15 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ

ਕਿਵੇਂ ਵਾਪਰਿਆ ਇਹ ਦਰਦਨਾਕ ਹਾਦਸਾ?
ਸਰਬਜੀਤ ਕੌਰ, ਜੋ ਮੁੱਲਾਂਪੁਰ ਰਾਏਕੋਟ ਰੋਡ ‘ਤੇ ਇੱਕ ਫੂਡ ਪੁਆਇੰਟ ਚਲਾਉਂਦੀ ਸੀ, ਐਤਵਾਰ ਸ਼ਾਮ ਨੂੰ ਆਪਣੀ ਸਕੂਟੀ ‘ਤੇ ਸਵਾਰ ਹੋ ਕੇ ਪਰਿਵਾਰਕ ਵਿਆਹ ਲਈ ਖ਼ਰੀਦਦਾਰੀ ਕਰਨ ਬਾਜ਼ਾਰ ਜਾ ਰਹੀ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚੀ ਤਾਂ:

ਹਵਾ ਵਿੱਚ ਉੱਡਦੀ ਇੱਕ ਤੇਜ਼ਧਾਰ ਚੀਨੀ ਡੋਰ ਅਚਾਨਕ ਉਸ ਦੇ ਗਲੇ ਵਿੱਚ ਫਸ ਗਈ। ਡੋਰ ਇੰਨੀ ਘਾਤਕ ਸੀ ਕਿ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ ਅਤੇ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਸੜਕ ‘ਤੇ ਡਿੱਗ ਪਈ। ਰਾਹਗੀਰਾਂ ਨੇ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਪਰ ਉੱਥੇ ਡਾਕਟਰ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਸਰਬਜੀਤ ਕੌਰ ਨੇ ਦਮ ਤੋੜ ਦਿੱਤਾ

2 ਸਾਲ ਦੇ ਮਾਸੂਮ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰ ਨੂੰ ਉਜਾੜ ਦਿੱਤਾ ਹੈ। ਸਰਬਜੀਤ ਕੌਰ ਆਪਣੇ ਪਿੱਛੇ 2 ਸਾਲ ਦਾ ਮਾਸੂਮ ਪੁੱਤਰ ਯੁਵਰਾਜ ਛੱਡ ਗਈ ਹੈ, ਜਿਸ ਨੂੰ ਸ਼ਾਇਦ ਅਜੇ ਇਹ ਵੀ ਨਹੀਂ ਪਤਾ ਕਿ ਉਸ ਦੀ ਮਾਂ ਹੁਣ ਕਦੇ ਵਾਪਸ ਨਹੀਂ ਆਵੇਗੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪਰਿਵਾਰ ਅਤੇ ਲੋਕਾਂ ਦੀ ਪ੍ਰਸ਼ਾਸਨ ਨੂੰ ਅਪੀਲ
ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ:

ਚੀਨੀ ਡੋਰ ਵੇਚਣ ਵਾਲਿਆਂ ‘ਤੇ ਸਿਰਫ਼ ਪਾਬੰਦੀ ਹੀ ਨਹੀਂ, ਸਗੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਜਿਹੀ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਹਨ, ਫਿਰ ਵੀ ਪ੍ਰਸ਼ਾਸਨ ਇਸ ‘ਤੇ ਨੱਥ ਪਾਉਣ ਵਿੱਚ ਨਾਕਾਮ ਰਿਹਾ ਹੈ।

#ludhiananews #Breakingnews #Malpurarkhannews #latestnews #googlenews #googletrendingnews #punjabnews #punjabbreakingnews