ਧਰੁਵ ਰਾਠੀ ਨੂੰ ਗੁਰੂਗ੍ਰਾਮ ਸਥਿਤ ਘਰ ਤੋਂ ਹਿਰਾਸਤ ਵਿੱਚ ਲੈਣ ਦਾ ਦਾਅਵਾ

ਸੋਸ਼ਲ ਮੀਡੀਆ ਇਨਫਲੂਐਂਸਰ ਧਰੁਵ ਰਾਠੀ ਨੂੰ ਦਿੱਲੀ ਪੁਲਿਸ ਵੱਲੋਂ ਗੁਰੂਗ੍ਰਾਮ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ, ਦਿੱਲੀ ਪੁਲਿਸ ਦੀ ਇੱਕ ਟੀਮ ਸਵੇਰੇ ਕਰੀਬ 7:48 ਵਜੇ ਗੁਰੂਗ੍ਰਾਮ ਦੇ ਸੈਕਟਰ-56 ਸਥਿਤ ਕੇਂਦਰੀ ਵਿਹਾਰ ਵਿੱਚ ਉਨ੍ਹਾਂ ਦੇ ਘਰ ਪਹੁੰਚੀ ਸੀ।

ਰਿਪੋਰਟਾਂ ਅਨੁਸਾਰ, ਜਦੋਂ ਧਰੁਵ ਰਾਠੀ ਦੀ ਮਾਂ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪੁਲਿਸ ਮੁਲਾਜ਼ਮ ਅੰਦਰ ਦਾਖਲ ਹੋ ਗਏ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਦੀ ਕਰੀਬ 50 ਮੈਂਬਰੀ ਟੀਮ ਦੇਰ ਰਾਤ ਤੋਂ ਹੀ ਘਰ ਦੇ ਬਾਹਰ ਤਾਇਨਾਤ ਸੀ। ਹਾਲਾਂਕਿ, ਇਸ ਕਾਰਵਾਈ ਅਤੇ ਧਰੁਵ ਰਾਠੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਜਾਂ ਵਿਸਤ੍ਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸੇ ਦੌਰਾਨ, CJP ਦੇ ਅਧਿਕਾਰਤ ‘ਐਕਸ’ (X) ਹੈਂਡਲ ‘ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਵੀ ਦਾਅਵਾ ਕੀਤਾ ਗਿਆ ਕਿ ਸਾਦੇ ਕੱਪੜਿਆਂ ਵਿੱਚ ਕਰੀਬ 50 ਪੁਲਿਸ ਮੁਲਾਜ਼ਮ ਸਵੇਰੇ 8 ਵਜੇ ਦੇ ਆਸ-ਪਾਸ ਧਰੁਵ ਰਾਠੀ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਸਖ਼ਤ

ਦੂਜੇ ਪਾਸੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਜੰਤਰ-ਮੰਤਰ ਵਿਖੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਰਿਪੋਰਟਾਂ ਮੁਤਾਬਕ, ਸ਼ਨਿਚਰਵਾਰ ਸਵੇਰੇ 6 ਵਜੇ ਤੋਂ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਟ੍ਰੈਫਿਕ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਅਤੇ ਵੱਖ-ਵੱਖ ਥਾਵਾਂ ‘ਤੇ ਵਾਹਨਾਂ ਦੀ ਆਵਾਜਾਈ ਲਈ ਬਦਲਵੇਂ ਰੂਟ ਨਿਰਧਾਰਤ ਕੀਤੇ ਗਏ।

ਦਿੱਲੀ ਪੁਲਿਸ ਨੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ, ਜੋ ਬੈਰੀਕੇਡਾਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਵਾਹਨਾਂ ਦੀ ਆਵਾਜਾਈ ‘ਤੇ ਵੀ ਨਜ਼ਰ ਰੱਖ ਰਹੇ ਸਨ।

ਇਸ ਦੌਰਾਨ, ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਟ੍ਰੈਫਿਕ ਪਾਬੰਦੀਆਂ ਦੇ ਨਾਲ ਮੈਟਰੋ ਸੇਵਾਵਾਂ ‘ਤੇ ਪਾਬੰਦੀਆਂ, ਰੇਲਗੱਡੀਆਂ ਰੱਦ ਹੋਣ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਹੋਣ ਸਬੰਧੀ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ।

ਨੋਟ: ਧਰੁਵ ਰਾਠੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਦਾਅਵੇ ਅਤੇ ਇਸ ਪਿੱਛੇ ਦੇ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਹਾਲੇ ਬਾਕੀ ਹੈ। ਇਸ ਲਈ ਮਾਮਲੇ ਸਬੰਧੀ ਅਗਲੀ ਜਾਣਕਾਰੀ ਲਈ ਪੁਲਿਸ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।